ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 13 ਅਕਤੂਬਰ
ਨਸ਼ਾ ਤਸਕਰੀ ਦੇ ਇੱਕ ਮਾਮਲੇ ਦਾ ਫੈਸਲਾ ਸੁਣਾਉਂਦੇ ਹੋਏ ਫ਼ਤਹਿਗੜ੍ਹ ਸਾਹਿਬ ਦੀ ਇੱਕ ਅਦਾਲਤ ਵੱਲੋਂ ਮਾਮਲੇ ‘ਚ ਨਾਮਜ਼ਦ ਦੋ ਸਕੇ ਭਰਾਵਾਂ ਨੂੰ 10-10 ਸਾਲ ਕੈਦ ਬਾਮੁਸ਼ੱਕਤ ਅਤੇ ਲੱਖ-ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਮਿਤੀ 27/11/18 ਨੂੰ ਥਾਣਾ ਸਰਹਿੰਦ ਦੀ ਪੁਲੀਸ ਪਾਰਟੀ ਵੱਲੋਂ ਜਲਵੇੜ੍ਹਾ ਨਜ਼ਦੀਕ ਬੱਸ ‘ਚੋਂ ਉੱਤਰੇ ਦੋ ਸਕੇ ਭਰਾਵਾਂ ਸੰਜੀਵ ਕੁਮਾਰ ਅਤੇ ਮਦਨ ਮੋਹਨ ਵਾਸੀਆਨ ਪਿੰਡ ਨਡਾਲੋਂ ਥਾਣਾ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਲਈ ਗਈ ਤਲਾਸ਼ੀ ਦੌਰਾਨ ਨਸ਼ੀਲੇ ਕੈਪਸੂਲ ਅਤੇ ਨਸ਼ੀਲੇ ਟੀਕੇ ਆਦਿ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਉਕਤ ਵਿਅਕਤੀਆਂ ਵਿਰੁੱਧ ਥਾਣਾ ਸਰਹਿੰਦ ਵਿੱਚ ਕੇਸ ਦਰਜ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ।
ਮਾਮਲੇ ਦੀ ਅਦਾਲਤ ‘ਚ ਹੋਈ ਸੁਣਵਾਈ ਦੌਰਾਨ ਬਚਾਅ ਪੱਖ ਅਤੇ ਪ੍ਰਾਸੀਕਿਊਸ਼ਨ ਵੱਲੋਂ ਪੇਸ਼ ਕੀਤੇ ਗਏ ਗਵਾਹਾਂ ਅਤੇ ਸਬੂਤਾਂ ਨੂੰ ਵਿਚਾਰਨ ਤੋਂ ਬਾਅਦ ਜੱਜ ਜਸਵਿੰਦਰ ਸ਼ੀਮਾਰ ਦੀ ਵਿਸ਼ੇਸ਼ ਅਦਾਲਤ ਨੇ ਸੰਜੀਵ ਕੁਮਾਰ ਅਤੇ ਮਦਨ ਮੋਹਨ ਨੂੰ ਮਾਮਲੇ ‘ਚ ਦੋਸ਼ੀ ਮੰਨਦਿਆਂ 10-10 ਸਾਲ ਕੈਦ ਬਾਮੁਸ਼ੱਕਤ ਅਤੇ ਇੱਕ-ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਅਦਾਲਤ ਵੱਲੋਂ ਸੁਣਾਏ ਗਏ ਹੁਕਮਾਂ ਅਨੁਸਾਰ ਜੁਰਮਾਨਾ ਨਾ ਭਰਨ ਦੀ ਸੂਰਤ ‘ਚ ਉਕਤ ਵਿਅਕਤੀਆਂ ਨੂੰ ਦੋ-ਦੋ ਸਾਲ ਦੀ ਕੈਦ ਹੋਰ ਕੱਟਣੀ ਹੋਵੇਗੀ।