ਪੱਤਰ ਪ੍ਰੇਰਕ
ਚੰਡੀਗੜ੍ਹ, 16 ਮਈ
ਯੂ.ਟੀ. ਦੇ ਸਿਹਤ ਵਿਭਾਗ ਵੱਲੋੋਂ ਕੀਤੇ ਜਾ ਰਹੇ ਕੋਵਿਡ ਟੈਸਟ ਉਸ ਸਮੇਂ ਸ਼ੱਕ ਦੇ ਘੇਰੇ ਵਿੱਚ ਆ ਗਏ ਜਦੋਂ ਪਿੰਡ ਡੱਡੂਮਾਜਰਾ ਨਿਵਾਸੀ ਔਰਤ ਦੀ ਸੈਕਟਰ 16 ਸਥਿਤ ਜਨਰਲ ਹਸਪਤਾਲ ਵਿੱਚ ਕਰਵਾਏ ਗਏ ਟੈਸਟ ਦੀ ਰਿਪੋਰਟ ਪਾਜ਼ੇਟਿਵ ਆ ਗਈ ਪ੍ਰੰਤੂ ਜਦੋਂ ਉਸ ਨੇ ਦੂਸਰੀ ਵਾਰ ਜੀ.ਐਮ.ਸੀ.ਐਚ.-32 ਵਿੱਚ ਟੈਸਟ ਕਰਵਾਇਆ ਤਾਂ ਉਥੇ ਰਿਪੋਰਟ ਨੈਗੇਟਿਵ ਆ ਗਈ।
ਉਕਤ ਔਰਤ ਦੇ ਪਤੀ ਮੁਕੇਸ਼ ਨਿਵਾਸੀ ਡੱਡੂਮਾਜਰਾ ਨੇ ਦੱਸਿਆ ਕਿ ਉਸ ਦੀ ਪਤਨੀ ਅਨੂ ਦਾ ਪੀ.ਜੀ.ਆਈ. ਤੋਂ ਇਲਾਜ ਚੱਲ ਰਿਹਾ ਹੈ। ਜਦੋਂ ਉਥੇ ਚੈੱਕ ਕਰਵਾਉਣ ਲਈ ਤਾਰੀਖ ਮਿਲੀ ਤਾਂ ਕਰੋਨਾ ਟੈਸਟ ਕਰਵਾ ਕੇ ਆਉਣ ਲਈ ਕਿਹਾ ਗਿਆ। ਇਸ ਦੌਰਾਨ ਉਸ ਨੇ ਪਤਨੀ ਦਾ ਕਰੋਨਾ ਟੈਸਟ ਸੈਕਟਰ 16 ਦੇ ਜਨਰਲ ਹਸਪਤਾਲ ਵਿੱਚ ਕਰਵਾਇਆ ਅਤੇ 13 ਮਈ ਨੂੰ ਰਿਪੋਰਟ ਪਾਜ਼ੇਟਿਵ ਆ ਗਈ ਅਤੇ ਉਸ ਦੇ ਘਰ ਸਿਹਤ ਵਿਭਾਗ ਦੀ ਟੀਮ ਵੀ ਪਹੁੰਚ ਗਈ ਅਤੇ ਇਕਾਂਤਵਾਸ ਕਰ ਦਿੱਤਾ ਗਿਆ। ਆਪਣੀ ਪਤਨੀ ਨੂੰ ਕੋਈ ਕਰੋਨਾ ਲੱਛਣ ਨਾ ਹੋਣ ਕਾਰਨ ਉਸ ਨੇ ਫਿਰ 14 ਮਈ ਨੂੰ ਜੀ.ਐਮ.ਸੀ.ਐਚ.-32 ਵਿੱਚ ਦੁਬਾਰਾ ਟੈਸਟ ਕਰਵਾਇਆ ਤਾਂ ਉਥੇ ਰਿਪੋਰਟ ਨੈਗੇਟਿਵ ਆ ਗਈ। ਦੋਵੇਂ ਰਿਪੋਰਟਾਂ ਲੈ ਕੇ ਪੀ.ਜੀ.ਆਈ. ਪਹੁੰਚੇ ਤਾਂ ਉਥੇ ਵੀ ਡਾਕਟਰਾਂ ਨਾਲ ਕਾਫ਼ੀ ਬਹਿਸਬਾਜ਼ੀ ਉਪਰੰਤ ਪਤਨੀ ਦਾ ਇਲਾਜ ਸੰਭਵ ਹੋ ਸਕਿਆ। ਦੂਜੇ ਪਾਸੇ ਸੈਕਟਰ 16 ਹਸਪਤਾਲ ਦੇ ਜੁਆਇੰਟ ਡਾਇਰੈਕਟਰ ਡਾ. ਵੀ.ਕੇ. ਨਾਗਪਾਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।