ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਜੁਲਾਈ
ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਵੱਲੋਂ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਸ਼ੇਸ਼ ਗੁਰਮਤਿ ਕੈਂਪ ਗੁਰਦੁਆਰਾ ਸਾਹਿਬ ਧਰਮਪੁਰ ਟਰੱਸਟ, ਹਿਮਾਚਲ ਪ੍ਰਦੇਸ਼ ਵਿਖੇ ਕਰਵਾਇਆ ਗਿਆ। ਕੈਂਪ ’ਚ ਲਗਪਗ 40 ਬੱਚੇ ਤੇ 10 ਅਧਿਕਾਰੀ ਸ਼ਾਮਲ ਹੋਏ। ਪਹਿਲੇ ਦਿਨ ਸਵੇਰੇ ਇਹ ਸਾਰਾ ਕਾਫ਼ਲਾ ਕੇਂਦਰੀ ਸਿੰਘ ਸਭਾ, ਸੈਕਟਰ-28 ਏ, ਚੰਡੀਗੜ੍ਹ ਤੋਂ ਰਵਾਨਾ ਹੋਇਆ ਤੇ ਅਰਦਾਸ ਕਰਨ ਉਪਰੰਤ ਹੁਕਮਨਾਮਾ ਲੈਣ ’ਤੇ ਕੈਂਪ ਦੀ ਅਰੰਭਤਾ ਬੀਬਾ ਸੰਦੀਪ ਕੌਰ ਤੇ ਨਵਦੀਪ ਕੌਰ ਵੱਲੋਂ ਪੇਸ਼ ਵਾਰ ਨਾਲ ਹੋਈ। ਪਹਿਲੇ ਦਿਨ ਦੇ ਸੈਸ਼ਨ ਵਿੱਚ ਜਸਪਾਲ ਸਿੰਘ ਸਿੱਧੂ, ਡਾ. ਪਿਆਰੇ ਲਾਲ ਗਰਗ, ਪ੍ਰੋ. ਮਨਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਗਿਆਨੀ ਦਿੱਤ ਸਿੰਘ ਦੇ ਜੀਵਨ ਫ਼ਲਸਫ਼ੇ ਅਤੇ ਉਨ੍ਹਾਂ ਵੱਲੋਂ ਸਮਾਜ ਤੇ ਸਿੱਖ ਧਰਮ ਲਈ ਕੀਤੇ ਕਾਰਜਾਂ ਅਤੇ ਗਿਆਨੀ ਦੀਆਂ ਕਿਤਾਬਾਂ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ। ਗਿਆਨੀ ਦਿੱਤ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸਿੰਘ ਸਭਾ ਲਹਿਰ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ। ਬਲਦੇਵ ਸਿੰਘ ਬਿੰਦਰਾ ਨੇ ਗਿਆਨੀ ਦਿੱਤ ਸਿੰਘ ਦੇ ਜੀਵਨ ਬਾਰੇ ਇਕ ਕਵਿਤਾ ਪੜ੍ਹ ਕੇ ਸੁਣਾਈ। ਦੂਜੇ ਦਿਨ ਸ਼ਾਮ ਸਮੇਂ ਕੈਂਪ ਦੀ ਸਮਾਪਤੀ ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ ਸਾਹਿਬ ਦੇ ਪਾਠ ਨਾਲ ਕੀਤੀ ਗਈ। ਇਸ ਤੋਂ ਪਹਿਲਾਂ ਜੋਗਿੰਦਰ ਸਿੰਘ ਪੰਛੀ, ਉੱਘੇ ਵਿਦਵਾਨ ਹਮੀਰ ਸਿੰਘ ਅਤੇ ਡਾ. ਖ਼ੁਸ਼ਹਾਲ ਸਿੰਘ ਨੇ ਕੈਂਪ ਦੇ ਮੰਤਵ ਅਤੇ ਸਮਾਜ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਅਤੇ ਉਨ੍ਹਾਂ ਦਾ ਟਾਕਰਾ ਕਰਨ ਲਈ ਨੌਜਵਾਨਾਂ ਨੂੰ ਜਾਗਰੂਕ ਕੀਤਾ। ਕੈਂਪ ਇੰਚਾਰਜ ਤੇ ਫਾਊਂਡੇਸ਼ਨ ਦੀ ਸੀਨੀਅਰ ਮੀਤ ਪ੍ਰਧਾਨ ਡਾ. ਸੁਖਜਿੰਦਰ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਫਾਊਂਡੇਸ਼ਨ ਦੇ ਜਨਰਲ ਸਕੱਤਰ ਇੰਜ. ਸੁਰਿੰਦਰ ਸਿੰਘ ਨੇ ਗੁਰੂ ਗਰੰਥ ਸਾਹਿਬ ਦੇ ਵਿਸ਼ੇ ’ਤੇ ਖੋਜ ਭਰਪੂਰ ਜਾਣਕਾਰੀ ਦਿੱਤੀ ਤੇ ਸਿੱਖ ਰਹਿਤ ਮਰਿਆਦਾ ਬਾਰੇ ਜਾਣੂ ਕਰਵਾਇਆ। ਅੰਤ ਵਿੱਚ ਬੱਚਿਆਂ ਦਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਕੈਂਪ ਵਿੱਚ ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਨਵਤੇਜ ਸਿੰਘ, ਜਨਰਲ ਸਕੱਤਰ ਇੰਜ. ਸੁਰਿੰਦਰ ਸਿੰਘ, ਪ੍ਰੈਸ ਸਕੱਤਰ ਮਾ. ਸਤਵੰਤ ਸਿੰਘ, ਜਥੇਬੰਦਕ ਸਕੱਤਰ ਜੋਧ ਸਿੰਘ, ਮਾ. ਗੁਰਮੀਤ ਸਿੰਘ, ਸਲਾਹਕਾਰ ਜੋਗਿੰਦਰ ਸਿੰਘ ਪੰਛੀ, ਸਲਾਹਕਾਰ ਬਲਦੇਵ ਸਿੰਘ ਬਿੰਦਰਾ, ਮੀਡੀਆ ਸੈਂਟਰ ਦੇ ਇੰਚਾਰਜ ਮੇਜਰ ਸਿੰਘ ਤੇ ਮੀਡੀਆ ਸੈਂਟਰ ਦੇ ਵਿਦਿਆਰਥੀ ਤੇ ਕੇਂਦਰੀ ਸਿੰਘ ਸਭਾ ’ਚ ਗੁਰਮਤਿ ਦੇ ਸਿੱਖਿਆਰਥੀਆਂ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।