ਸਰਬਜੀਤ ਸਿੰਘ ਭੱਟੀ
ਲਾਲੜੂ, 10 ਮਈ
ਇਲਾਕੇ ਵਿੱਚ ਵਾਪਰੇ ਦੋ ਹਾਦਸਿਆਂ ’ਚ ਦੋ ਬਜ਼ੁਰਗਾਂ ਦੀ ਮੌਤ ਹੋ ਗਈ ਹੈ। ਵੇਰਵਿਆਂ ਅਨੁਸਾਰ ਨਜ਼ਦੀਕੀ ਪਿੰਡ ਜਿਉਲੀ ਨੇੜੇ ਲਿੰਕ ਸੜਕ ਕਿਨਾਰੇ ਖੜ੍ਹੇ ਬਜ਼ੁਰਗ ਨੂੰ ਤੇਜ਼ ਰਫਤਾਰ ਟਰੱਕ ਦੀ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਬਜ਼ੁਰਗ ਦੇ ਪੁੱਤਰ ਗੁਰਨਾਮ ਸਿੰਘ ਵਾਸੀ ਜਿਉਲੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਿਤਾ ਰਾਮ ਪਾਲ (70), ਪਿੰਡ ਦੇ ਨੇੜੇ ਲਿੰਕ ਸੜਕ ਕਿਨਾਰੇ ਖੜ੍ਹਾ ਸੀ। ਇਸੇ ਦੌਰਾਨ ਡੇਰਾਬਸੀ ਵੱਲੋਂ ਆਏ ਟਰੱਕ ਨੇ ਉਸ ਨੂੰ ਲਪੇਟ ਵਿੱਚ ਲੈ ਲਿਆ। ਰਾਮ ਪਾਲ ਗੰਭੀਰ ਫੱਟੜ ਹੋ ਗਿਆ ਅਤੇ ਚਾਲਕ ਟਰੱਕ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਜ਼ਖ਼ਮੀ ਪਿਤਾ ਨੂੰ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਟਰੱਕ ਕਬਜ਼ੇ ਵਿੱਚ ਲੈ ਕੇ ਚਾਲਕ ਜਸਪਾਲ ਸਿੰਘ ਵਾਸੀ ਮੁਬਾਰਿਕਪੁਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰਾਂ ਅੰਬਾਲਾ-ਚੰਡੀਗੜ੍ਹ ਸੜਕ ’ਤੇ ਲਾਲੜੂ ਮੰਡੀ ਨੇੜੇ ਬੱਸ ਫੜਨ ਲਈ ਹਾਈਵੇਅ ਕਿਨਾਰੇ ਖੜ੍ਹੇ ਬਜ਼ੁਰਗ ਨੂੰ ਤੇਜ਼ ਰਫਤਾਰ ਕਾਰ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਉਪਰੰਤ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਏ.ਐੱਸ.ਆਈ ਨਿਰਭੈ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੈ ਪ੍ਰਕਾਸ਼ ਪੁੱਤਰ ਜਗਨ ਨਾਥ ਵਾਸੀ ਲਾਲੜੂ ਪਿੰਡ, ਡੇਰਾਬਸੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਲਈ ਹਾਈਵੇ ਦੇ ਕਿਨਾਰੇ ਲਾਲੜੂ ਮੰਡੀ ਦੇ ਬੱਸ ਅੱਡੇ ਨੇੜੇ ਬੱਸ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਅੰਬਾਲਾ ਵਲੋਂ ਆਈ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਫੱਟੜ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਡੇਰਾਬਸੀ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਨ੍ਹਾਂ ਘਟਨਾਵਾਂ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।