ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਮੁਹਾਲੀ ਵੇਰਕਾ ਮਿਲਕ ਪਲਾਂਟ ਵਿੱਚ ਵੀ ਕਰੋਨਾ ਮਹਾਮਾਰੀ ਨੇ ਮੁੜ ਦਸਤਕ ਦਿੱਤੀ ਹੈ। ਸਕੂਲ ਬੋਰਡ ਦੇ ਸੰਯੁਕਤ ਸਕੱਤਰ-ਕਮ-ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਅਤੇ ਉਸ ਦੇ ਬੇਟੇ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਵੀ ਬੋਰਡ ਦੀ ਇਕ ਮਹਿਲਾ ਅਧਿਕਾਰੀ ਦੀ ਕਰੋਨਾ ਰਿਚੋਰਟ ਪਾਜ਼ੇਟਿਵ ਪਾਈ ਗਈ ਸੀ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਬੋਰਡ ਅਧਿਕਾਰੀ ਨੇ ਪ੍ਰਾਈਵੇਟ ਲੈਬਾਰਟਰੀ ਤੋਂ ਟੈਸਟ ਕਰਵਾਇਆ ਸੀ। ਫਿਲਹਾਲ ਦੋਵੇਂ ਪਿਉ-ਪੁੱਤ ਘਰ ਵਿੱਚ ਇਕਾਂਤਵਾਸ ਵਿੱਚ ਹਨ। ਸ੍ਰੀ ਮਹਿਰੋਕ ਨੇ ਦੱਸਿਆ ਕਿ ਉਸ ਦਾ ਬੇਟਾ ਹੁਣ ਬਿਲਕੁਲ ਠੀਕ ਹੈ।
ਅਧਿਕਾਰੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਕੂਲ ਬੋਰਡ ਵਿੱਚ ਸੰਯੁਕਤ ਸਕੱਤਰ ਅਤੇ ਕੰਟਰੋਲਰ (ਪ੍ਰੀਖਿਆਵਾਂ) ਦੀਆਂ ਦੂਜੀ ਅਤੇ ਤੀਜੀ ਮੰਜ਼ਿਲ ’ਤੇ ਸਥਿਤ ਦੋਵੇਂ ਬਰਾਂਚਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਅੱਜ ਪੂਰੇ ਸਿੱਖਿਆ ਕੰਪਲੈਕਸ ਨੂੰ ਸੈਨੇਟਾਈਜ਼ ਕੀਤਾ ਗਿਆ ਹੈ।
ਉਧਰ, ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਦੋ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ ਇਕ ਮੁਲਾਜ਼ਮ ਪਟਿਆਲਾ ਦਾ ਰਹਿਣ ਵਾਲਾ ਹੈ ਜਦੋਂਕਿ ਦੂਜਾ ਮੁਹਾਲੀ ਦਾ ਵਸਨੀਕ ਹੈ। ਇਸ ਤੋਂ ਪਹਿਲਾਂ ਵੇਰਕਾ ਦੀ ਇਕ ਮਹਿਲਾ ਮੁਲਾਜ਼ਮ ਵੀ ਕਰੋਨਾ ਤੋਂ ਪੀੜਤ ਪਾਈ ਗਈ ਸੀ।
ਮੁਹਾਲੀ ਜ਼ਿਲ੍ਹੇ ਵਿੱਚ 24 ਹੋਰ ਨਵੇਂ ਮਾਮਲੇ ਆਏ ਸਾਹਮਣੇ
ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 24 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 771 ’ਤੇ ਪਹੁੰਚ ਗਈ ਹੈ। ਅੱਜ ਪੰਜ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਅਨੁਸਾਰ ਮੁਹਾਲੀ ਵਾਸੀ ਔਰਤ ਤੇ ਪੁਰਸ਼, ਫੇਜ਼-2 ਦੇ ਦੋ ਬੱਚੇ ਤੇ ਇਕ ਔਰਤ, ਫੇਜ਼-7 ਵਾਸੀ ਬਜ਼ੁਰਗ, ਸੈਕਟਰ-82 ਦਾ ਨੌਜਵਾਨ, ਫੇਜ਼-3ਬੀ2 ਦਾ ਬਿਰਧ, ਫੇਜ਼-4 ਵਾਸੀ ਪੁਰਸ਼, ਸੈਕਟਰ-127 ਦਾ ਵਸਨੀਕ, ਖੇੜੀ ਜੱਟਾ ਤੇ ਪਿੰਡ ਪਡਿਆਲਾ ਦੇ ਦੋ ਨੌਜਵਾਨ , ਖਰੜ ਤੋਂ ਦੋ ਕੇਸ, ਮੁੱਲਾਂਪੁਰ ਗਰੀਬਦਾਸ ਵਾਸੀ, ਢਕੋਲੀ ਤੇ ਮਲਕਪੁਰ ਦੇ ਦੋ ਨੌਜਵਾਨ ਤੇ ਮੁਬਾਰਕਪੁਰ ਦੀ ਲੜਕੀ, ਅਮਰਾਲਾ ਵਾਸੀ ਨੌਜਵਾਨ, ਜ਼ੀਰਕਪੁਰ ਤੋਂ ਦੋ ਕੇਸ, ਡੇਰਾਬੱਸੀ ਤੋਂ ਤਿੰਨ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਧਰ ਖਰੜ, ਬੂਰਮਾਜਰਾ, ਜ਼ੀਰਕਪੁਰ ਤੇ ਡੇਰਾਬੱਸੀ ਨਾਲ ਸਬੰਧਤ ਪੰਜ ਵਿਅਕਤੀ ਵਾਇਰਸ ਨੂੰ ਮਾਤ ਦੇ ਕੇ ਤੰਦਰੁਸਤ ਹੋ ਗਏ ਹਨ।