ਪੀ.ਪੀ. ਵਰਮਾ
ਪੰਚਕੂਲਾ, 6 ਸਤੰਬਰ
ਲੜਕੀਆਂ ਅਤੇ ਔਰਤਾਂ ਦੀ ਮਜ਼ਬੂਰੀ ਦਾ ਨਾਜਾਇਜ਼ ਫਾਇਦਾ ਉਠਾ ਕੇ ਉਨ੍ਹਾਂ ਨੂੰ ਦੇਹ ਵਪਾਰ ਲਈ ਮਜਬੂਰ ਕਰਨ ਦੀ ਸ਼ਿਕਾਇਤ ਮਿਲਣ ’ਤੇ ਪੰਚਕੂਲਾ ਪੁਲੀਸ ਨੇ ਮੋਰਨੀ ਸਥਿਤ ਸ਼ਿਵਾਲਿਕ ਗੈਸਟ ਹਾਊਸ ਦੇ ਮੈਨੇਜਰ ਈਸ਼ਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਊਸ ਦੀ ਹਿਰਾਸ਼ਤ ਵਿੱਚੋਂ ਦੋ ਲੜਕੀਆਂ ਨੂੰ ਵੀ ਛੁਡਵਾਇਆ ਹੈ। ਪੁਲੀਸ ਨੇ ਮੁਲਜ਼ਮ ਨੂੰ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ ਕਰਕੇ ਊਸ ਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਇਹ ਗੈਸਟ ਹਾਊਸ ਸਥਾਨਕ ਭਾਜਪਾ ਨੇਤਾ ਦਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਦੇਹ ਵਪਾਰ ਦਾ ਰੈਕਟ ਦਾ ਪਰਦਾਫਾਸ਼ ਕਰਨ ਲਈ ਇਕ ਨਕਲੀ ਗਾਹਕ ਨੂੰ ਹੋਟਲ ਵਿੱਚ ਭੇਜਿਆ ਸੀ ਜਿਸ ਮਗਰੋਂ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੰਚਕੂਲਾ ਦੇ ਏਸੀਪੀ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੈਸਟ ਹਾਊਸ ਵਿੱਚ ਦੇਹ ਵਪਾਰ ਦੇ ਧੰਦੇ ਸਬੰਧੀ ਗੁਪਤ ਸੂਚਨਾ ਮਿਲੀ ਸੀ। ਇਸ ਮਗਰੋਂ ਪੁਲੀਸ ਨੇ ਛਾਪਾ ਮਾਰ ਕੇ ਮੇਨੈਜਰ ਨੂੰ ਗ੍ਰਿਫਤਾਰ ਕਰ ਲਿਆ ਤੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਵਿੱਚ ਗੈਸਟ ਹਾਊਸ ਦਾ ਮਾਲਕ ਮਹਿੰਦਰ ਸਿੰਘ, ਮੈਨੇਜਰ ਈਸ਼ਮ ਸਿੰਘ, ਸਪਲਾਇਰ ਹਰਜੀਤ ਸਿੰਘ ਅਤੇ ਮਨੀ ਸ਼ਾਮਲ ਹਨ। ਪੁਲੀਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਅਜੇ ਹੋਰ ਵੀ ਕਈ ਗ੍ਰਿਫਤਾਰੀਆਂ ਹੋਣੀਆਂ ਬਾਕੀ ਹਨ।