ਪੱਤਰ ਪ੍ਰੇਰਕ
ਲਾਲੜੂ, 14 ਮਾਰਚ
ਲਾਲੜੂ ਵਿਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਸਾਬਕਾ ਕੌਂਸਲਰ ਦੀ 70 ਸਾਲਾ ਮਾਤਾ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਫੱਟੜ ਹੋ ਗਏ। ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲੈਹਲੀ ਟੀ-ਪੁਆਇੰਟ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਦੀ ਲਪੇਟ ਵਿਚ ਆਉਣ ਕਾਰਨ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਵੀਨ ਕੁਮਾਰ ਪੁੱਤਰ ਨਰੈਣ ਯਾਦਵ ਮੂਲ ਨਿਵਾਸੀ ਬਿਹਾਰ ਵਜੋਂ ਹੋਈ ਹੈ। ਉਹ ਆਪਣੇ ਭਾਣਜੇ ਰਣਜੀਤ ਸਿੰਘ ਦੇ ਨਾਲ ਦੱਪਰ ਮਾਰਕੀਟ ਤੋਂ ਸਾਮਾਨ ਲੈ ਕੇ ਵਾਪਸ ਲੈਹਲੀ ਟੀ-ਪੁਆਇੰਟ ਨੇੜੇ ਸੜਕ ਪਾਰ ਕਰਨ ਲਈ ਖੜ੍ਹਾ ਸੀ। ਇਸੇ ਦੌਰਾਨ ਅੰਬਾਲਾ ਵੱਲੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਕਰਨਾਲ ਡਿੱਪੂ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਬੱਸ ਡਰਾਈਵਰ ਵਿਨੋਦ ਕੁਮਾਰ ਵਾਸੀ ਕਰਨਾਲ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਸੜਕ ਹਾਦਸੇ ਵਿੱਚ 70 ਸਾਲਾ ਰਾਜਰਾਣੀ ਵਾਸੀ ਡੇਰਾਬੱਸੀ ਦੀ ਮੌਤ ਹੋ ਗਈ। ਰਾਜਰਾਣੀ ਡੇਰਾਬੱਸੀ ਦੀ ਸਾਬਕਾ ਕੌਂਸਲਰ ਗੀਤਾ ਜੈਨ ਦੀ ਮਾਤਾ ਅਤੇ ਸਾਬਕਾ ਕੌਂਸਲਰ ਮਹਰੂਮ ਸੁਨੀਲ ਜੈਨ ਟਿੰਕੂ ਦੇ ਸੱਸ ਸਨ। ਰਾਜਰਾਣੀ ਲਾਲੜੂ ਮੰਡੀ ਵਿੱਚ ਵਿਆਹੀ ਆਪਣੀ ਧੀ ਨੂੰ ਮਿਲਣ ਆਈ ਸੀ। ਉਹ ਬੱਸ ਫੜਨ ਲਈ ਹਾਈਵੇਅ ਪਾਰ ਕਰਨ ਲੱਗਿਆਂ ਅੰਬਾਲਾ ਵੱਲੋਂ ਆ ਰਹੇ ਇਕ ਤੇਜ਼ ਰਫਤਾਰ ਮੋਟਰਸਾਈਕਲ ਦੀ ਲਪੇਟ ਵਿੱਚ ਆ ਕੇ ਰਾਜਰਾਣੀ ਦੀ ਮੌਤ ਹੋ ਗਈ ਜਦਕਿ ਉਸ ਦੀ ਨੂੰਹ ਕੰਚਨ ਜ਼ਖ਼ਮੀ ਹੋ ਗਈ। ਹਾਦਸੇ ਵਿਚ ਮੋਟਰਸਾਈਕਲ ਚਾਲਕ ਰਵੀ ਕਾਂਤ ਵਾਸੀ ਪੰਚਕੂਲਾ ਅਤੇ ਉਸ ਦੇ ਪਿੱਛੇ ਬੈਠੀ ਉਸ ਦੀ ਪਤਨੀ ਵੀ ਗੰਭੀਰ ਜ਼ਖ਼ਮੀ ਹੋ ਗਈ। ਮੋਟਰਸਾਈਕਲ ਸਵਾਰ ਪਤੀ-ਪਤਨੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਕਾਰ-ਜੀਪ ਦੀ ਟੱਕਰ ਇੱਕ ਹਲਾਕ
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਦੇ ਇਲਾਕਾ ਸੂਰਜਪੁਰ ਸੁਖੋਮਾਜਰੀ ਬਾਈਪਾਸ ਉੱਤੇ ਇੱਕ ਕਾਰ ਅਤੇ ਜੀਪ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਚਾਲਕ ਦੀ ਮੌਤ ਹੋ ਗਈ। ਨੂਰ ਮੁਹੰਮਦ ਵਾਸੀ ਖੁਦਾ ਬਖ਼ਸ਼ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਪਰਿਵਾਰ ਸਣੇ ਆਲਟੋ ਕਾਰ ਵਿੱਚ ਇੱਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਲਈ ਅੰਬਾਲਾ ਜਾ ਰਿਹਾ ਸੀ। ਇਸ ਦੌਰਾਨ ਪਿੰਡ ਸੁਖੋਮਾਜਰੀ ਬਾਈਪਾਸ ਸੂਰਜਪੁਰ ਕੋਲ ਇਕ ਤੇਜ਼ ਰਫ਼ਤਾਰ ਜੀਪ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਸਿਤਾਰ ਮੁਹੰਮਦ ਨੂੰ ਕਾਲਕਾ ਦੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਮਗਰੋਂ ਜੀਪ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਨੂਰ ਮੁਹੰਮਦ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿੰਡ ਰੁੜਕੀ ਤੇ ਜਖਵਾਲੀ ਨੇੜੇ ਵਾਪਰੇ ਹਾਦਸਿਆਂ ’ਚ ਦੋ ਹਲਾਕ
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਸਰਹਿੰਦ-ਪਟਿਆਲਾ ਸੜਕ ’ਤੇ ਪੈਂਦੇ ਪਿੰਡ ਰੁੜਕੀ ਤੇ ਜ਼ਖਵਾਲੀ ਨੇੜੇ ਵਾਪਰੇ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪਿੰਡ ਨੌਲੱਖਾ ਦਾ ਦੀਦਾਰ ਸਿੰਘ ਸਕੂਟਰੀ ’ਤੇ ਜ਼ਖਵਾਲੀ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਜ਼ਖਵਾਲੀ ਨੇੜੇ ਪਹੁੰਚਣ ’ਤੇ ਇੱਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ਵਿਚ ਸਕੂਟਰੀ ਸਵਾਰ ਦੀਦਾਰ ਸਿੰਘ ਦੀ ਮੌਤ ਹੋ ਗਈ। ਇੱਕ ਹੋਰ ਵੱਖਰੇ ਮਾਮਲੇ ’ਚ ਪਿੰਡ ਦੌਣ ਕਲਾਂ, ਜ਼ਿਲ੍ਹਾ ਪਟਿਆਲਾ ਦਾ ਵਸਨੀਕ ਰਣਜੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਸਰਹਿੰਦ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਪਿੰਡ ਰੁੜਕੀ ਨੇੜੇ ਪਹੁੰਚਣ ’ਤੇ ਉਸ ਦਾ ਮੋਟਰਸਾਈਕਲ ਸੜਕ ’ਤੇ ਖੜ੍ਹੇ ਇੱਕ ਟਰੱਕ ਨਾਲ ਵਿਚ ਜਾ ਵੱਜਿਆ ਤੇ ਰਣਜੀਤ ਸਿੰਘ ਦੀ ਮੌਤ ਹੋ ਗਈ।