ਕੁਲਦੀਪ ਸਿੰਘ
ਚੰਡੀਗੜ੍ਹ, 6 ਸਤੰਬਰ
ਸ਼ਹਿਰ ਵਿੱਚ ਕਰੋਨਾਵਾਇਰਸ ਕਾਰਨ ਅੱਜ ਦੋ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 261 ਨਵੇਂ ਕੇਸ ਸਾਹਮਣੇ ਆਏ ਹਨ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਪੀੜਤਾਂ ਦਾ ਕੁੱਲ ਅੰਕੜਾ 5763 ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਧਨਾਸ ਵਾਸੀ 58 ਸਾਲਾਂ ਦੇ ਕਰੋਨਾ ਪੀੜਤ ਵਿਅਕਤੀ ਦੀ ਮੌਤ ਹੋਈ ਹੈ ਜੋ ਕਿ ਟਾਈਪ-1 ਡਾਇਬੀਟੀਜ਼ ਦਾ ਵੀ ਮਰੀਜ਼ ਸੀ। ਇਸੇ ਤਰ੍ਹਾਂ ਮਨੀਮਾਜਰਾ ਵਾਸੀ 50 ਸਾਲਾਂ ਦੇ ਵਿਅਕਤੀ ਦੀ ਮੌਤ ਹੋਈ ਹੈ ਜੋ ਕਿ ਡਾਇਬੀਟੀਜ਼ ਤੇ ਹਾਈਪਰਟੈਨਸ਼ਨ ਦਾ ਮਰੀਜ਼ ਸੀ। ਦੋਵੇਂ ਮਰੀਜ਼ ਜੀ.ਐਮ.ਸੀ.ਐਚ.-32 ਵਿਚ ਇਲਾਜ ਅਧੀਨ ਸਨ।
ਯੂਟੀ ਦੇ ਸਿਹਤ ਵਿਭਾਗ ਮੁਤਾਬਕ ਸ਼ਹਿਰ ਵਿੱਚ ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਸਾਹਮਣੇ ਆਏ ਕੇਸ ਸੈਕਟਰ 5, 7, 8, 9, 11, 14, 15, 16, 17, 18, 19, 20, 21, 22, 23, 24, 25, 26 27, 28, 29, 30, 32, 34, 35, 36, 37, 38, 38-ਵੈਸਟ, 39, 40, 41, 42, 43, 44, 45, 46, 47, 48, 49, 50, 51, 52, 55, 56, 63, ਪੀ.ਜੀ.ਆਈ. ਕੈਂਪਸ, ਰਾਮ ਦਰਬਾਰ, ਇੰਡਸਟਰੀਅਲ ਏਰੀਆ ਫੇਜ਼-1, ਬਹਿਲਾਣਾ, ਬੁੜੈਲ, ਡੱਡੂਮਾਜਰਾ, ਧਨਾਸ, ਹੱਲੋਮਾਜਰਾ, ਕੈਂਬਵਾਲਾ, ਖੁੱਡਾ ਅਲੀਸ਼ੇਰ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਲੋਆ, ਮਨੀਮਾਜਰਾ, ਮੌਲੀ ਜਾਗਰਾਂ ਤੇ ਪਿੰਡ ਫੈਦਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 149 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਇਆ ਹੈ। ਚੰਡੀਗੜ੍ਹ ਵਿੱਚ ਹੁਣ ਤੱਕ 3439 ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਤੇ ਕੁੱਲ 71 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2250 ਹੈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਇਲਾਕੇ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 137 ਨਵੇਂ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਜ਼ਿਲ੍ਹੇ ਵਿੱਚ 4 ਮੌਤਾਂ ਹੋਈਆਂ ਹਨ ਤੇ ਮਰਨ ਵਾਲਿਆਂ ਵਿੱਚ ਪਿੰਡ ਨਾਨਕਪੁਰਾ ਦੀ ਔਰਤ, ਐੱਮਡੀਸੀ ਸਥਿਤ ਸੈਕਟਰ-5 ਦੀ ਵਸਨੀਕ, ਨਾਨਕਪੁਰਾ ਸਾਟਵਾਲਾ ਪਿੰਡ ਦੀ ਔਰਤ ਤੇ ਪਿੰਡ ਕੁੰਡੀ ਦਾ ਵਸਨੀਕ ਸ਼ਾਮਲ ਹਨ।
ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਸ਼ਹਿਰ ਵਿੱਚ ਅੱਜ ਦੋ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਰੂਪਨਗਰ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਅੱਜ 17 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਪਾਜ਼ੇਟਿਵ ਪਾਏ ਜਾਣ ਵਾਲੇ ਵਿਅਕਤੀਆਂ ਵਿੱਚ 11 ਪੁਰਸ਼ ਤੇ 6 ਔਰਤਾਂ ਹਨ। ਉਨ੍ਹਾਂ ਦੱਸਿਆ ਕਿ ਰੂਪਨਗਰ ਦੇ ਸ਼ੇਖਾਂ ਮੁਹੱਲੇ ਦੇ 67 ਸਾਲਾ ਵਿਅਕਤੀ ਅਤੇ ਪਿੰਡ ਹੁਸੈਨਪੁਰ ਦੀ 73 ਸਾਲਾ ਔਰਤ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਇਹ ਦੋਵੇਂ ਹੋਰ ਬਿਮਾਰੀਆਂ ਤੋਂ ਵੀ ਪੀੜਤ ਸਨ। ਹੁਣ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 268 ਹੋ ਗਈ ਹੈ ਅਤੇ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 29 ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਇਲਾਕੇ ਵਿੱਚ ਕਰੋਨਾ ਨੇ ਅੱਜ ਦੋ ਮਰੀਜ਼ਾਂ ਦੀ ਜਾਨ ਲੈ ਲਈ ਹੈ। ਅੰਬਾਲਾ ਵਿਚ ਮਹਾਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ 43 ਤੱਕ ਪਹੁੰਚ ਗਿਆ ਹੈ। ਅੱਜ ਬਲਦੇਵ ਨਗਰ ਵਾਸੀ 65 ਸਾਲਾ ਮਰੀਜ਼ ਦੀ ਮੌਤ ਹੋਈ ਹੈ। ਇਸ ਨੂੰ ਦਿਲ ਦੀ ਬੀਮਾਰੀ ਸੀ। ਦੂਜੀ ਮੌਤ ਅੰਬਾਲਾ ਛਾਉਣੀ ਦੀ 58 ਸਾਲਾਂ ਦੀ ਮਹਿਲਾ ਦੀ ਹੋਈ ਹੈ ਜਿਸ ਦੀ ਸ਼ੂਗਰ ਕੰਟਰੋਲ ਤੋਂ ਬਾਹਰ ਸੀ। ਅੱਜ ਅੰਬਾਲਾ ਜ਼ਿਲ੍ਹੇ ਵਿਚ 190 ਕਰੋਨਾ ਪਾਜ਼ੇਟਿਵ ਕੇਸ ਆਏ ਹਨ।
ਬਨੂੜ (ਕਰਮਜੀਤ ਸਿੰਘ ਚਿੱਲਾ): ਬਨੂੜ ਦੀ ਐੱਸਐਮਓ ਡਾ. ਹਰਪ੍ਰੀਤ ਕੌਰ ਓਬਰਾਏ ਨੇ ਦੱਸਿਆ ਕਿ ਬਨੂੜ ਖੇਤਰ ਵਿੱਚ ਦੋ ਹੋਰ ਮਰੀਜ਼ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚ ਇੱਕ ਮਰੀਜ਼ ਧਰਮਗੜ੍ਹ ਪਿੰਡ ਤੋਂ ਅਤੇ ਦੂਜੀ ਮਹਿਲਾ ਰਾਮਪੁਰ ਕਲਾਂ ਦੀ ਵਸਨੀਕ ਹੈ।
ਖਰੜ (ਸ਼ਸ਼ੀਪਾਲ ਜੈਨ): ਖਰੜ ਸਿਵਲ ਹਸਪਤਾਲ ਦੇ ਐੱਸ.ਐਮ.ਓ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਖਰੜ ਵਿੱਚ 34 ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ 64 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਚਮਕੌਰ ਸਾਹਿਬ ਇਲਾਕੇ ਵਿੱਚ ਤਿੰਨ ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸੂਤਰਾਂ ਅਨੁਸਾਰ ਪਿੰਡ ਬੰਨ੍ਹਮਾਜਰਾ ਦਾ ਪਰਵਾਸੀ ਮਜ਼ਦੂਰ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਸੁਲਤਾਨਪੁਰ ਦਾ 60 ਸਾਲਾ ਤੇ ਇੱਥੋਂ ਦੇ ਰਾਈਂਵਾੜਾ ਮੁਹੱਲੇ ਦਾ 82 ਸਾਲਾ ਬਜ਼ੁਰਗ ਪਾਜ਼ੇਟਿਵ ਪਾਏ ਗਏ ਹਨ।
ਮੁਹਾਲੀ ਜ਼ਿਲ੍ਹੇ ਵਿੱਚ 8 ਮੌਤਾਂ; 215 ਨਵੇਂ ਕੇਸ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 215 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 4882 ਹੋ ਗਈ ਹੈ। ਅੱਜ ਤਿੰਨ ਔਰਤਾਂ ਸਮੇਤ ਅੱਠ ਕਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਹੁਣ ਤੱਕ ਵਾਇਰਸ ਕਾਰਨ 107 ਵਿਅਕਤੀ ਦਮ ਤੋੜ ਚੁੱਕੇ ਹਨ। ਅੱਜ 96 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ ਊਨ੍ਹਾਂ ਵਿੱਚ ਮੁਹਾਲੀ ਦਾ 41 ਸਾਲਾਂ ਦਾ ਪੁਰਸ਼ ਵੀ ਸ਼ਾਮਲ ਹੈ, ਜੋ ਜੀਐਮਸੀਐਚ ਪਟਿਆਲਾ ਵਿੱਚ ਦਾਖ਼ਲ ਸੀ। ਇਸੇ ਹਸਪਤਾਲ ਵਿੱਚ ਦਾਖ਼ਲ ਫੇਜ਼-2 ਦੀ 64 ਸਾਲਾਂ ਦੀ ਔਰਤ ਨੇ ਵੀ ਦਮ ਤੋੜ ਦਿੱਤਾ ਹੈ। ਜੀਐਮਸੀਐਚ ਸੈਕਟਰ-32 ਵਿੱਚ ਇਲਾਜ ਅਧੀਨ ਨਵਾਂ ਗਾਉਂ ਦੇ 57 ਸਾਲਾਂ ਦੇ ਪੁਰਸ਼ ਦੀ ਮੌਤ ਹੋਈ ਹੈ। ਪੀਜੀਆਈ ਵਿੱਚ ਖਰੜ ਦੀ 55 ਸਾਲਾਂ ਦੀ ਔਰਤ ਦੀ ਜਾਨ ਗਈ ਹੈ। ਇੰਜ ਹੀ ਮੁਬਾਰਕਪੁਰ ਦੀ ਔਰਤ, ਨਵਾਂ ਗਾਉਂ, ਕੁਰਾਲੀ ਅਤੇ ਸੰਨੀ ਐਨਕਲੇਵ ਦੇ ਤਿੰਨ ਬਜ਼ੁਰਗਾਂ ਦੀ ਮੌਤ ਹੋਈ ਹੈ ਜੋ ਕਿ ਜੀਐਮਸੀਐਚ ਪਟਿਆਲਾ ਵਿੱਚ ਜ਼ੇਰੇ ਇਲਾਜ ਸਨ। ਜਿਹੜੇ ਨਵੇਂ ਕੇਸ ਸਾਹਮਣੇ ਆਏ ਹਨ ਊਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚੋਂ 87 ਜਦੋਂਕਿ ਘੜੂੰਆਂ ਬਲਾਕ ਅਧੀਨ ਪੇਂਡੂ ਖੇਤਰ ਵਿੱਚੋਂ 33, ਢਕੌਲੀ ਵਿੱਚੋਂ 42, ਬੂਥਗੜ੍ਹ ਵਿੱਚੋਂ 2, ਬਨੂੜ ਤੇ ਕੁਰਾਲੀ ਵਿੱਚੋ ਦੋ-ਦੋ ਅਤੇ ਡੇਰਾਬੱਸੀ ਵਿੱਚੋਂ 11 ਕੇਸ ਸ਼ਾਮਲ ਹਨ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 2257 ਕੇਸ ਐਕਟਿਵ ਹਨ ਤੇ 2518 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।