ਹਰਜੀਤ ਸਿੰਘ
ਜ਼ੀਰਕਪੁਰ, 7 ਦਸੰਬਰ
ਇੱਥੇ ਜ਼ੀਰਕਪੁਰ-ਪਟਿਆਲਾ ਰੋਡ ’ਤੇ ਸਥਿਤ ਬਾਲਾ ਜੀ ਐਨਕਲੇਵ ਵਿੱਚ ਨੀਂਹ ਹਿੱਲਣ ਕਾਰਨ ਇਕ ਸ਼ੋਅਰੂਮ ਦੀ ਦੋ ਮੰਜ਼ਿਲਾ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਈ। ਸ਼ੋਅਰੂਮ ਦੇ ਨਾਲ ਬੇਸਮੈਂਟ ਲਈ ਕੀਤੀ ਗਈ ਖੁਦਾਈ ਕਰ ਕੇ ਇਹ ਹਾਦਸਾ ਵਾਪਰਿਆ। ਹਾਦਸੇ ਦੀ ਸੰਭਾਵਨਾ ਕਾਰਨ ਇਮਾਰਤ ਵਿੱਚ ਮੌਜੂਦ ਲੋਕ ਪਹਿਲਾਂ ਹੀ ਬਾਹਰ ਆ ਗਏ ਸਨ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਮਿਲੀ ਜਾਣਕਾਰੀ ’ਤੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਪਹਿਲਾਂ ਹੀ ਮੌਕੇ ’ਤੇ ਪਹੁੰਚ ਗਏ ਸਨ ਜਿਨ੍ਹਾਂ ਨੇ ਇਮਾਰਤ ਡਿੱਗਣ ਤੋਂ ਪਹਿਲਾਂ ਹੀ ਆਸਪਾਸ ਦਾ ਸਾਰਾ ਖੇਤਰ ਖਾਲੀ ਕਰਵਾ ਲਿਆ ਸੀ।
ਇਕੱਤਰ ਜਾਣਕਾਰੀ ਅਨੁਸਾਰ ਬਾਲਾ ਜੀ ਐਨਕਲੇਵ ਨੇੜੇ ਇਕ ਪ੍ਰਾਪਰਟੀ ਕਾਰੋਬਾਰੀ ਜਿਓਤੀ ਸੰਧਾਨਾ ਵੱਲੋਂ ਬਿਨਾ ਕਿਸੇ ਮਨਜ਼ੂਰੀ ਤੋਂ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਪਹਿਲਾਂ ਤਾਂ ਕਾਰੋਬਾਰੀ ਵੱਲੋਂ ਨੇੜਲੇ ਸ਼ੋਅਰੂਮ ਦੇ ਨਾਲ ਲੱਗਦੀ ਕੁਝ ਜ਼ਮੀਨ ਨੂੰ ਛੱਡ ਕੇ ਖੁਦਾਈ ਕੀਤੀ ਗਈ ਸੀ ਪਰ ਅੱਜ ਉਸ ਨੇ ਜੇਸੀਬੀ ਦੀ ਮਦਦ ਨਾਲ ਬਚੀ ਹੋਈ ਮਿੱਟੀ ਵੀ ਹਟਾ ਦਿੱਤੀ ਤੇ 10 ਫੁੱਟ ਤੱਕ ਡੂੰਘੀ ਖੁਦਾਈ ਕਰ ਦਿੱਤੀ। ਸਿੱਟੇ ਵਜੋਂ ਨੇੜਲੇ ਸ਼ੋਅਰੂਮ ਦੀ ਨੀਂਹ ਹਿੱਲ ਗਈ ਅਤੇ ਸ਼ੋਅਰੂਮ ਦੀ ਇਮਾਰਤ ਇਕ ਪਾਸੇ ਨੂੰ ਝੁੱਕ ਗਈ। ਕੰਧਾਂ ਵਿੱਚ ਤਰੇੜਾਂ ਪੈਣ ਕਾਰਨ ਸ਼ੋਅਰੂਮ ਗਰਾਊਂਡ ਫਲੋਰ ’ਤੇ ਕੈਮਿਸਟ ਦੀ ਦੁਕਾਨ ਕਰਦੇ ਵਿਨੀਤ ਅਤੇ ਪਹਿਲੀ ਮੰਜ਼ਿਲ ’ਤੇ ਆਪਣੇ ਦਫਤਰ ’ਚ ਬੈਠਾ ਵਕੀਲ ਆਪਣੇ ਦਫਤਰ ਤੋਂ ਹੇਠਾਂ ਉਤਰ ਆਇਆ।
ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਐਸ.ਪੀ. (ਦਿਹਾਤੀ) ਰਵਜੋਤ ਕੌਰ ਗਰੇਵਾਲ, ਡੀਐੱਸਪੀ ਜ਼ੀਰਕਪੁਰ ਅਮਰੋਜ਼ ਸਿੰਘ, ਕੌਂਸਲ ਦੇ ਕਾਰਜਸਾਧਕ ਅਫ਼ਸਰ ਸੰਦੀਪ ਤਿਵਾੜੀ, ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਅਤੇ ਫਾਇਰ ਬ੍ਰਿਗੇਡ ਦੇ ਅਮਲੇ ਨੇ ਸ਼ੋਅਰੂਮ ਖਾਲੀ ਕਰਵਾ ਲਿਆ ਸੀ। ਇਸ ਤੋਂ ਇਲਾਵਾ ਪਾਵਰਕੌਮ ਵੱਲੋਂ ਪੂਰੇ ਰਿਹਾਇਸ਼ੀ ਖੇਤਰ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਸੀ। ਤਕਰੀਬਨ ਸਾਢੇ 4.30 ਵਜੇ ਇਮਾਰਤ ਡਿੱਗ ਗਈ। ਕੈਮਿਸਟ ਦੀ ਦੁਕਾਨ ਦੇ ਮਾਲਕ ਵਿਨੀਤ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚ ਤਕਰੀਬਨ 35 ਲੱਖ ਰੁਪਏ ਦੀਆਂ ਦਵਾਈਆਂ ਸਨ। ਸ਼ੋਅਰੂਮ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨੇੜੇ ਇਕ ਪ੍ਰਾਪਰਟੀ ਕਾਰੋਬਾਰੀ ਵੱਲੋਂ ਰਿਹਾਇਸ਼ੀ ਘਰ ਦਾ ਨਕਸ਼ਾ ਪਾਸ ਕਰਵਾ ਕੇ ਨਾਜਾਇਜ਼ ਤੌਰ ’ਤੇ ਬਿਨਾ ਕਿਸੇ ਤਕਨੀਕੀ ਸਲਾਹ ਤੋਂ ਇਮਾਰਤ ਬਣਾਈ ਜਾ ਰਹੀ ਸੀ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਦੀਪ ਤਿਵਾੜੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਨਾਜਾਇਜ਼ ਤੌਰ ’ਤੇ ਬੇਸਮੈਂਟ ਦੀ ਬਣਾਉਣ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪਹਿਲਾਂ ਵਾਪਰ ਹਾਦਸਿਆਂ ਤੋਂ ਨਹੀਂ ਲਿਆ ਸਬਕ
ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਪਹਿਲਾਂ ਵੀ ਇਮਾਰਤਾਂ ਡਿੱਗਣ ਕਾਰਨ ਵੱਡੇ ਹਾਦਸੇ ਵਾਪਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੋਈ ਸਬਕ ਨਹੀਂ ਲਿਆ ਹੈ। ਜ਼ੀਰਕਪੁਰ ਦੇ ਪੀਰਮੁਛੱਲਾ ਖੇਤਰ ਵਿੱਚ ਇਕ ਉਸਾਰੀ ਅਧੀਨ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਇਸੇ ਤਰ੍ਹਾਂ ਲੰਘੇ ਦਿਨੀਂ ਡੇਰਾਬੱਸੀ ਵਿੱਚ ਇਕ ਉਸਾਰੀ ਅਧੀਨ ਇਕ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਚਾਰ ਜਣੇ ਮਲਬੇ ਹੇਠਾਂ ਦੱਬ ਕੇ ਮਰ ਗਏ ਸਨ।