ਪੱਤਰ ਪ੍ਰੇਰਕ
ਬਨੂੜ, 8 ਅਕਤੂਬਰ
ਪੁਲੀਸ ਨੇ ਸੜਕ ਉੱਤੇ ਜਾਂਦੀਆਂ ਲੜਕੀਆਂ ਨਾਲ ਛੇੜ-ਛਾੜ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਮਹਿੰਦਰ ਸਿੰਘ ਨੇ ਪੁਲੀਸ ਪਾਰਟੀ ਨਾਲ ਬਨੂੜ ਬੈਰੀਅਰ ਉੱਤੇ ਨਾਕਾ ਲਗਾਇਆ ਹੋਇਆ ਸੀ। ਨਾਕੇ ਦੌਰਾਨ ਉਨ੍ਹਾਂ ਦੇਖਿਆ ਕਿ ਬਨੂੜ ਸ਼ਹਿਰ ਵੱਲੋਂ ਦੋਲੜਕੀਆਂ ਪੈਦਲ ਆ ਰਹੀਆਂ ਸਨ, ਜਿਨ੍ਹਾਂ ਨਾਲ ਦੋ ਮੋਟਰਸਾਈਕਲ ਸਵਾਰ ਨੌਜਵਾਨ ਛੇੜ-ਛਾੜ ਕਰ ਰਹੇ ਸਨ। ਪੁਲੀਸ ਵੱਲੋਂ ਰੋਕੇ ਜਾਣ ’ਤੇ ਨੌਜਵਾਨਾਂ ਨੇ ਰੁਕਣ ਦੀ ਥਾਂ ਮੋਟਰਸਾਈਕਲ ਭਜਾ ਲਿਆ। ਪੁਲੀਸ ਨੇ ਪਿੱਛਾ ਕਰਕੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਦੋਵਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੀ ਪਛਾਣ ਆਕਾਸ਼ਦੀਪ ਸਿੰਘ ਅਤੇ ਦਲੇਰ ਸਿੰਘ ਦੋਵੇਂ ਵਾਸੀ ਬਨੂੜ ਵਜੋਂ ਹੋਈ ਹੈ।