ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਫਰਵਰੀ
ਵਿਸ਼ਵ ਕੱਪ ਕ੍ਰਿਕਟ ਅੰਡਰ-19 ਵਿੱਚ ਭਾਰਤ ਇੰਗਲੈਂਡ ਨੂੰ ਹਰਾ ਕੇ ਇਕ ਵਾਰ ਮੁੜ ਵਿਸ਼ਵ ਚੈਂਪੀਅਨ ਬਣ ਗਿਆ ਹੈ। ਭਾਰਤ ਦੀ ਇਸ ਜਿੱਤ ਵਿੱਚ ਚੰਡੀਗੜ੍ਹ ਦੇ ਦੋ ਨੌਜਵਾਨਾਂ ਰਾਜ ਅੰਗਦ ਬਾਵਾ ਅਤੇ ਹਰਨੂਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਬਾਵਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਲਈਆਂ ਤੇ 35 ਦੌੜਾਂ ਬਣਾਈਆਂ। ਬਾਵਾ ਨੂੰ ਮੈਨ ਆਫ਼ ਦਿ ਮੈਚ ਨਾਲ ਵੀ ਸਨਮਾਨਿਤ ਕੀਤਾ ਗਿਆ। ਹਰਨੂਰ ਸਿੰਘ ਨੇ ਵੀ 21 ਦੌੜਾਂ ਦਾ ਯੋਗਦਾਨ ਦਿੱਤਾ।
ਚੰਡੀਗੜ੍ਹ ਦੇ ਦੋਵਾਂ ਨੌਜਵਾਨਾਂ ਦੇ ਸਹਿਯੋਗ ਸਦਕਾ ਭਾਰਤ ਦੇ ਅੰਡਰ-19 ਵਿਸ਼ਵ ਕੱਪ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਦੋਵਾਂ ਖਿਡਾਰੀਆਂ ਦੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਢੋਲ-ਧਮਾਕੇ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅੰਗਦ ਦੇ ਪਿਤਾ ਸੁਖਵਿੰਦਰ ਸਿੰਘ ਬਾਵਾ ਵੀ ਸਪੋਰਟਸ ਅਕੈਡਮੀ ਆਫ਼ ਇੰਡੀਆ (ਸਾਈ) ਦੇ ਸੀਨੀਅਰ ਕੋਚ ਹਨ, ਜੋ ਚੰਡੀਗੜ੍ਹ ਦੇ ਸੈਕਟਰ-16 ਕ੍ਰਿਕਟ ਸਟੇਡੀਅਮ ਵਿੱਚ ਕੋਚਿੰਗ ਦਿੰਦੇ ਹਨ। ਇਸ ਤੋਂ ਪਹਿਲਾਂ ਉਹ ਯੁਵਰਾਜ ਸਿੰਘ, ਦਿਨੇਸ਼ ਮੋਂਗੀਆ ਸਣੇ ਕਈ ਵੱਡੇ ਖਿਡਾਰੀਆਂ ਨੂੰ ਕੋਚਿੰਗ ਦੇ ਚੁੱਕੇ ਹਨ। ਹਰਨੂਰ ਦੇ ਪਿਤਾ ਪੇਸ਼ੇ ਤੋਂ ਵਕੀਲ ਹਨ ਪਰ ਅੰਡਰ-19 ਲਈ ਉਹ ਵੀ ਕ੍ਰਿਕਟ ਖੇਡ ਚੁੱਕੇ ਹਨ। ਹਰਨੂਰ ਦੇ ਦਾਦਾ ਰਾਜਿੰਦਰ ਸਿੰਘ ਪੰਨੂ ਵੀ ਕ੍ਰਿਕਟ ਖੇਡਦੇ ਰਹੇ ਹਨ।
ਯੂਟੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਟੰਡਨ ਨੇ ਵੈਸਟ ਇੰਡੀਜ਼ ਵਿੱਚ ਖਿਡਾਰੀਆਂ ਨਾਲ ਸੰਪਰਕ ਕਰਕੇ ਭਾਰਤ ਦੇ ਵਿਸ਼ਵ ਕੱਪ ਜੇਤੂ ਬਣਨ ਲਈ ਬਾਵਾ ਅਤੇ ਹਰਨੂਰ ਸਿੰਘ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਟੰਡਨ ਨੇ ਕਿਹਾ ਕਿ ਬਾਵਾ ਦੀ ਕਾਰਗੁਜ਼ਾਰੀ ’ਤੇ ਸ਼ਹਿਰ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਦੋਵਾਂ ਖਿਡਾਰੀਆਂ ਦੇ ਚੰਡੀਗੜ੍ਹ ਪਹੁੰਚਣ ’ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਬੀਸੀਸੀਆਈ ਨੇ ਜੇਤੂ ਟੀਮ ਦੇ ਹਰ ਖਿਡਾਰੀ ਨੂੰ 40-40 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।