ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 6 ਸਤੰਬਰ
ਇੱਥੋਂ ਦੇ ਬਲਟਾਣਾ ਖੇਤਰ ਅਧੀਨ ਪੈਂਦੇ ਹਰਮਿਲਾਪ ਨਗਰ ਵਿੱਚ ਰੇਲਵੇ ਫਾਟਕ ’ਤੇ ਅੰਡਰਪਾਥ ਬਣਾਉਣ ਮੰਗ ਨੂੰ ਲੈ ਕੇ ਲੰਘੇ ਕੱਲ੍ਹ ਰੇਲਗੱਡੀ ਰੋਕਣ ਨੂੰ ਲੈ ਕੇ ਪੁਲੀਸ ਨੇ 30 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰੇਲਵੇ ਪੁਲੀਸ ਨੇ ਇਹ ਕਾਰਵਾਈ ਸੰਘਰਸ਼ ਦੀ ਅਗਵਾਈ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਰਾਣਾ ਸਣੇ 30 ਅਣਪਛਾਤੇ ਜਣਿਆਂ ਖ਼ਿਲਾਫ਼ ਕੀਤੀ ਹੈ। ਜਾਣਕਾਰੀ ਅਨੁਸਾਰ ਬਲਟਾਣਾ ਦੇ ਵਸਨੀਕ ਲੰਮੇ ਸਮੇਂ ਤੋਂ ਹਰਮਿਲਾਪ ਨਗਰ ਤੋਂ ਲੰਘਦੀ ਰੇਲਵੇ ਲਾਈਨ ’ਤੇ ਸਥਿਤ ਫਾਟਕ ’ਤੇ ਲੱਗਣ ਵਾਲੇ ਜਾਮ ਦੀ ਸਮੱਸਿਆ ਦੇ ਹੱਲ ਲਈ ਇੱਥੇ ਅੰਡਰਪਾਥ ਉਸਾਰਨ ਦੀ ਮੰਗ ਕਰ ਰਹੇ ਹਨ। ਬੀਤੇ ਦਿਨ ਮੁੜ ਲੋਕਾਂ ਵੱਲੋਂ ਸੰਘਰਸ਼ ਵਿੱਢਿਆ ਗਿਆ ਸੀ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਰਾਣਾ ਦੀ ਅਗਵਾਈ ਹੇਠ ਵੱਡੀ ਗਿਣਤੀ ਲੋਕਾਂ ਨੇ ਰੇਲਵੇ ਲਾਈਨ ’ਦੇ ਉੱਪਰ ਲੇਟ ਕੇ ਜਾਮ ਲਾ ਦਿੱਤਾ ਸੀ। ਇਸ ਦੌਰਾਨ ਸ਼ਤਾਬਦੀ ਰੇਲਗੱਡੀ ਤਕਰੀਬਨ ਸੱਤ ਮਿੰਟ ਲੇਟ ਹੋ ਗਈ ਸੀ। ਸ੍ਰੀ ਰਾਣਾ ਨੇ ਕਿਹਾ ਕਿ ਉਹ ਮੰਗ ਪੂਰੀ ਹੋਣ ਤੱਕ ਸੰਘਰਸ਼ ਕਰਦੇ ਰਹਿਣਗੇ।