ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 19 ਨਵੰਬਰ
ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਸੀਟੂ ਜ਼ਿਲ੍ਹਾ ਕਮੇਟੀ ਮੁਹਾਲੀ ਵੱਲੋਂ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪਿਛਲੇ ਦਿਨੀਂ ਪਿੰਡ ਢੇਲਪੁਰ ਦੀ ਆਸ਼ਾ ਫੈਸਿਲੀਟੇਟਰ ਕਿਰਨਦੀਪ ਕੌਰ ਦੀ ਡੇਂਗੂ ਕਾਰਨ ਹੋਈ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ। ਸੀਟੂ ਦੀ ਟੀਮ ਨੇ ਸਿਵਲ ਸਰਜਨ ਮੁਹਾਲੀ ਦੇ ਨਾਂ ਮੰਗ ਪੱਤਰ ਸੌਂਪ ਕੇ ਕਿਰਨਦੀਪ ਕੌਰ ਦੀ ਮੌਤ ਦੇ ਮੁਆਵਜ਼ੇ ਦੀ ਮੰਗ ਕੀਤੀ। ਜਨਰਲ ਸਕੱਤਰ ਰਣਜੀਤ ਕੌਰ ਨਵਾਂ ਗਰਾਉਂ ਨੇ ਕਿਹਾ ਕਿ ਜੇ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਤਾਂ ਯੂਨੀਅਨ ਵੱਲੋਂ 10 ਦਸੰਬਰ ਨੂੰ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਕੁਲਵਿੰਦਰ ਕੌਰ ਨਗਾਰੀ, ਪਿੰਕੀ ਸਹੋਤਾ, ਕਮਲ ਲਾਂਡਰਾਂ, ਪਰਮਜੀਤ ਕੌਰ ਨਡਿਆਲੀ, ਰਜਿੰਦਰ ਕੌਰ ਬੜ ਮਾਜਰਾ, ਰਮਨਜੀਤ ਕੌਰ ਖੈਰਾਬਾਦ, ਕਾਂਤਾ ਅਲੀਪੁਰ, ਰਣਜੀਤ ਕੌਰ ਰੋਪੜ ਅਤੇ ਪੰਜਾਬ ਬੋਰਡ ਕਾਰਪੋਰੇਸ਼ਨ ਦੇ ਸੂਬਾ ਪ੍ਰਧਾਨ ਤਾਰਾ ਸਿੰਘ, ਪੀਐਸਆਈਈਸੀ ਸਟਾਫ ਐਸੋਸੀਏਸ਼ਨ ਤੋਂ ਬਲਵੰਤ ਸਿੰਘ ਮੀਤ ਪ੍ਰਧਾਨ, ਹਰਕੇਸ਼ ਰਾਣਾ ਵੀ ਹਾਜ਼ਰ ਸਨ।