ਬਹਾਦਰਜੀਤ ਸਿੰਘ
ਰੂਪਨਗਰ, 22 ਅਕਤੂਬਰ
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ (ਆਈਆਈਟੀ) ਰੋਪੜ ਦੇ ਸਥਾਈ ਕੈਂਪਸ ਨੂੰ ਅੱਜ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਉਦਘਾਟਨ ਸਮਾਗਮ ਆਨਲਾਈਨ ਮੋਡ ਰਾਹੀਂ ਕੇਂਦਰੀ ਸਿੱਖਿਆ ਰਾਜ ਮੰਤਰੀ ਸੰਜੇ ਧੋਤਰੇ ਦੀ ਹਾਜ਼ਰੀ ਵਿਚ ਹੋਇਆ।
ਇਸ ਮੌਕੇ ਭਾਰਤ ਸਰਕਾਰ ਦੇ ਉੱਚ ਸਿੱਖਿਆ ਸਕੱਤਰ, ਸਰਕਾਰ ਅਮਿਤ ਖਰੇ, ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਸਰਿਤ ਕੁਮਾਰ ਦਾਸ ਅਤੇ ਆਈਆਈਟੀ ਰੋਪੜ ਦੇ ਰਜਿਸਟਰਾਰ ਰਵਿੰਦਰ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸੰਸਥਾ ਦੀ ਸਥਾਪਨਾ 2008 ਵਿੱਚ ਹੋਈ ਸੀ ਅਤੇ ਇਹ ਆਰਜ਼ੀ ਤੌਰ ’ਤੇ ਲੜਕੀਆਂ ਦੇ ਸਰਕਾਰੀ ਪੌਲੀਟੈਕਨਿਕ ਕਾਲਜ ਵਿੱਚ ਚੱਲ ਰਹੀ ਸੀ। ਇਸਦਾ ਸ਼ਾਨਦਾਰ ਸਥਾਈ ਕੈਂਪਸ ਸਤਲੁਜ ਦਰਿਆ ਦੇ ਕਿਨਾਰੇ ’ਤੇ ਸਥਿਤ ਹੈ ਅਤੇ ਕੈਂਪਸ 500 ਏਕੜ ਜ਼ਮੀਨ ’ਤੇ ਫੈਲਿਆ ਹੋਇਆ ਹੈ। ਇਸ ਮੌਕੇ ਰਮੇਸ਼ ਪੋਖਰਿਆਲ ਨਿਸ਼ੰਕ ਨੇ ਆਈਆਈਟੀ ਰੋਪੜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਦੇਸ਼ ਨੂੰ ਵਿਸ਼ਵ ਪੱਧਰ ਤੇ ਇੱਕ ਮਜ਼ਬੂਤ ਅਤੇ ਜੀਵੰਤ ਰਾਸ਼ਟਰ ਵਿਚ ਬਦਲਣ ਵੱਲ ਕਦਮ ਚੁੱਕਣ। ਇਸ ਮੌਕੇ ਸਿੱੱਖਿਆ ਰਾਜ ਮੰਤਰੀ ਸੰਜੇ ਧੋਤਰੇ ਨੇ ਨਵੀਨਤਾ ਅਤੇ ਖੋਜ ’ਤੇ ਨਿਰੰਤਰ ਧਿਆਨ ਕੇਂਦਰਿਤ ਕਰਕੇ ਸੰਸਥਾ ਵੱਲੋਂ ‘ਮੇਕ ਇਨ ਇੰਡੀਆ’ ਪਹਿਲਕਦਮੀ ਵੱਲ ਚੁੱਕੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਸੰਸਥਾ ਦੀ ਇੱਕ ਦਹਾਕੇ ਦੀ ਸਫ਼ਲਤਾ ਦੀ ਕਹਾਣੀ ਨੂੰ ਹਾਜ਼ਰੀਨਾਂ ਅਤੇ ਮੁੱਖ ਮਹਿਮਾਨ ਨਾਲ ਸਾਂਝਾ ਕੀਤਾ।