ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਨਵੰਬਰ
ਇੱਥੋਂ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਨੇ ਬਿਨਾਂ ਫੂਡ ਲਾਇਸੈਂਸ ਤੋਂ ਕੇਕ ਤੇ ਪੇਸਟਰੀ ਵੇਚਣ ਵਾਲੇ ਨੂੰ ਸਾਰਾ ਦਿਨ ਅਦਾਲਤੀ ਕੰਪਲੈਕਸ ਵਿੱਚ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਅਦਾਲਤ ਨੇ ਬੇਕਰੀ ਮਾਲਕ ਅਨਵਰ ਆਲਮ ਨੂੰ ਸੁਣਾਈ ਹੈ। ਉਸ ਨੂੰ ਅਦਾਲਤੀ ਕੰਪਲੈਕਸ ਵਿੱਚ ਖੜ੍ਹੇ ਰਹਿਣ ਦੇ ਨਾਲ 30 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੇ ਅਕਤੂਬਰ 2021 ਵਿੱਚ ਮੱਖਣਮਾਜਰਾ ਵਿੱਚ ਸਥਿਤ ਬੇਕਰੀ ’ਤੇ ਛਾਪਾ ਮਾਰਿਆ ਤਾਂ ਬੇਕਰੀ ਮਾਲਕ ਕੋਲ ਫੂਡ ਲਾਇਸੈਂਸ ਨਹੀਂ ਸੀ ਅਤੇ ਨਾ ਹੀ ਉਹ ਨਿਯਮਾਂ ਦੀ ਪਾਲਣਾ ਕਰ ਰਿਹਾ ਸੀ। ਸਿਹਤ ਵਿਭਾਗ ਨੇ ਬੇਕਰੀ ਮਾਲਕ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ। ਅੱਜ ਅਦਾਲਤ ਨੇ ਦੋਸ਼ੀ ਨੂੰ ਸਾਰਾ ਦਿਨ ਅਦਾਲਤ ਵਿੱਚ ਖੜ੍ਹੇ ਰਹਿਣ ਅਤੇ 30 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ।