ਆਤਿਸ਼ ਗੁਪਤਾ
ਚੰਡੀਗੜ੍ਹ, 1 ਅਕਤੂਬਰ
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਨਲੌਕ-5 ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਯੂਟੀ ਪ੍ਰਸ਼ਾਸਨ ਨੇ ਵੀ 15 ਅਕਤੂਬਰ ਤੋਂ 50 ਫ਼ੀਸਦੀ ਸੀਟਿੰਗ ਨਾਲ ਮਲਟੀਪਲੈਕਸ ਅਤੇ ਥੀਏਟਰਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਖਿਡਾਰੀਆਂ ਲਈ ਸਵੀਮਿੰਗ ਪੂਲ ਵੀ ਖੋਲ੍ਹੇ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਆਦੇਸ਼ ਜਾਰੀ ਕਰਕੇ ਕੀਤਾ। ਪ੍ਰਸ਼ਾਸਕ ਦੇ ਸਲਾਹਕਾਰ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ਤੋਂ ਬਾਹਰੀ ਇਲਾਕੇ ਵਿੱਚ ਬਿਜ਼ਨੈਸ ਟੂ ਬਿਜ਼ਨੈਸ ਪ੍ਰਦਰਸ਼ਨੀਆਂ ਖੋਲ੍ਹਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਣ ਲਈ 15 ਅਕਤੂਬਰ ਤੱਕ ਦਾ ਸਮਾਂ ਲਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਸਕੂਲ/ਕਾਲਜ ਖੋਲ੍ਹਣ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਆਦੇਸ਼ਾਂ ਦੇ ਆਉਣ ਤੱਕ ਪਹਿਲਾਂ ਦੀ ਤਰ੍ਹਾਂ ਆਨਲਾਈਨ ਪੜ੍ਹਾਈ ਜਾਰੀ ਰਹੇਗੀ।
20 ਨਵੇਂ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ
ਚੰਡੀਗੜ੍ਹ ’ਚ ਕਰੋਨਾਵਾਇਰਸ ਨੂੰ ਨੱਥ ਪਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ 20 ਨਵੇਂ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਹਨ। ਇਨ੍ਹਾਂ ਵਿੱਚ ਸੈਕਟਰ-7, 15, 20, 22, 23, 27, 28, 37, 38, 40, 44, 47, 63 ਅਤੇ ਮੌਲੀ ਕੰਪਲੈਕਸ ਦੇ ਕੁਝ ਘਰ ਸ਼ਾਮਲ ਹਨ।