ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 27 ਅਕਤੂਬਰ
ਮੁਹਾਲੀ ਪੁਲੀਸ ਨੇ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਦਾ ਕਾਫੀ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਗੱਲ ਦਾ ਖ਼ੁਲਾਸਾ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀਤੀ 20 ਅਗਸਤ ਨੂੰ ਮਟੌਰ ਥਾਣੇ ਵਿੱਚ ਧਾਰਾ 457 ਅਤੇ 380 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਸ਼ਿਆਮ ਮੰਡਲ ਪਿੰਡ ਤੇ ਡਾਕ ਧੋਈ (ਬਿਹਾਰ) ਅਤੇ ਅਮਿਤ ਦੂਬੇ ਵਾਸੀ ਪਿੰਡ ਹਰਪੁਰ ਠੇਂਗਰਾਹੀ (ਬਿਹਾਰ) ਨੂੰ ਗ੍ਰਿਫ਼ਤਾਰ ਕੀਤਾ। ਇਹ ਦੋਵੇਂ ਆਜ਼ਾਦ ਨਗਰ, ਬਲੌਂਗੀ ਵਿੱਚ ਰਹਿ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਦਾ ਸਾਮਾਨ ਖ਼ਰੀਦਣ ਵਾਲੇ ਤਿੰਨ ਵਿਅਕਤੀਆਂ ਸੰਤੋਸ਼ ਕੁਮਾਰ, ਲੱਲਨ ਪ੍ਰਸਾਦ ਨੇੜੇ ਖੜਗਾ ਮੰਦਰ, ਦਰਬੰਗਾ (ਬਿਹਾਰ) ਅਤੇ ਅਜੈ ਮਾਹੀਪਾਲ ਵਾਸੀ ਰਾਜ ਕੁਮਾਰ ਗੰਜ, ਜ਼ਿਲ੍ਹਾ ਦਰਬੰਗਾ, (ਬਿਹਾਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਦਿਨ ਸਮੇਂ ਮੁਹਾਲੀ ਖੇਤਰ ਵਿੱਚ ਘੁੰਮ ਫਿਰ ਕੇ ਬੰਦ ਪਏ ਘਰਾਂ ਜਿਨ੍ਹਾਂ ’ਤੇ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੁੰਦਾ ਸੀ, ਦੀ ਰੇਕੀ ਕਰਦੇ ਸਨ ਅਤੇ ਰਾਤ ਨੂੰ ਮੌਕਾ ਦੇਖ ਕੇ ਬੰਦ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਕਰੀਬ 80 ਲੱਖ ਰੁਪਏ ਦੀ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ ਕਰੀਬ 76 ਤੋਲੇ ਸੋਨਾ ਅਤੇ ਹੀਰਿਆਂ ਦੇ ਗਹਿਣੇ, 661 ਗਰਾਮ ਚਾਂਦੀ ਦੇ ਗਹਿਣੇ, 11 ਲੱਖ ਰੁਪਏ ਦੀ ਨਕਦੀ, 6 ਹਜ਼ਾਰ ਅਮਰੀਕੀ ਡਾਲਰ, ਇੱਕ ਰਿਵਾਲਵਰ, ਚਾਰ ਕਾਰਤੂਸ, ਤਿੰਨ ਘੜੀਆਂ, ਇੱਕ ਮੋਟਰਸਾਈਕਲ, ਲੋਹੇ ਦੀ ਰਾਡ, ਪੇਚਕਸ, ਪਲਾਸ, ਪਿੱਠੂ ਬੈਗ, ਛੋਟੀ ਤੱਕੜੀ, ਵੱਟੇ ਆਦਿ ਸਾਮਾਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਕਈ ਕੇਸ ਦਰਜ ਹਨ।
ਘਰ ਵਿੱਚੋਂ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ
ਖਰੜ (ਪੱਤਰ ਪ੍ਰੇਰਕ): ਇੱਥੋਂ ਦੀ ਗੋਬਿੰਦ ਕਲੋਨੀ ਦੇ ਵਸਨੀਕ ਤਰੁਨ ਕੁਮਾਰ ਸਚਦੇਵਾ ਦੇ ਘਰ ਵਿੱਚੋਂ ਚੋਰ ਲਗਭਗ 11 ਲੱਖ ਰੁਪਏ ਤੋਂ ਵੱਧ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਖਰੜ ਸਿਟੀ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 380 ਅਤੇ 457 ਆਈ.ਪੀ.ਸੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 9 ਦਸੰਬਰ ਨੂੰ ਹੋਣਾ ਹੈ। ਇਸ ਕਰਕੇ ਉਨ੍ਹਾਂ ਨੇ ਉਸ ਦੇ ਵਿਆਹ ਲਈ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਘਰ ਰੱਖੀ ਹੋਈ ਸੀ। ਬੀਤੀ ਸ਼ਾਮ ਘਰ ਵਿੱਚ ਕੋਈ ਨਹੀਂ ਸੀ। ਜਦੋਂ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਉੱਥੋਂ ਢਾਈ ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਗਾਇਬ ਸੀ।