ਪੀਪੀ ਵਰਮਾ
ਪੰਚਕੂਲਾ 16, ਦਸੰਬਰ
ਕੇਂਦਰੀ ਸਾਬਕਾ ਮੰਤਰੀ ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਆਉਣ ਵਾਲਾ ਸਮਾਂ ਕਾਂਗਰਸ ਦਾ ਹੋਵੇਗਾ ਕਿਉਂਕਿ ਹਰਿਆਣਾ ਵਿੱਚੋਂ ਕਾਂਗਰਸ ਨੇ ਸੋਨੀਪਤ ਦੇ ਬਰੋਦਾ ਸੀਟ ਜਿੱਤੀ ਇਸ ਤੋਂ ਪਹਿਲਾਂ ਕਾਂਗਰਸ ਵਿਧਾਇਕ ਪ੍ਰਦੀਪ ਚੌਧਰੀ ਨੇ ਕਾਲਕਾ ਦੀ ਸੀਟ ਜਿੱਤੀ। ਹਰਿਆਣਾ ਵਿੱਚ ਵੀ ਜਲਦੀ ਹੀ ਬਦਲਾਵ ਹੋਣ ਵਾਲਾ ਹੈ ਇਸ ਗੱਲ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੇ ਪੰਚਕੂਲਾ ਨਿਗਮ ਦੀਆਂ ਚੋਣਾਂ ਲਈ ਕਾਂਗਰਸ ਦੀ ਮੇਅਰ ਅਹੁਦੇ ਦੀ ਉਮੀਦਵਾਰ ਉਪਿੰਦਰ ਆਹਲੂਵਾਲੀਆ ਵੱਲੋਂ ਅੱਜ ਕਾਗਜ਼ ਦਰਜ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਪ੍ਰੈੱਸ ਕਾਨਫਰੈਸ਼ ਦੌਰਾਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਉਪਿੰਦਰ ਆਹਲੂਵਾਲੀਆ ਦੁਬਾਰਾ ਪੰਚਕੂਲਾ ਦੀ ਮੇਅਰ ਬਣੇਗੀ। ਇਸ ਦੇ ਨਾਲ ਹੀ ਪੰਚਕੂਲਾ ਦੇ ਵਾਰਡ ਨੰਬਰ 14 ਤੋਂ ਅੱਜ ਕਾਂਗਰਸੀ ਉਮੀਦਵਾਰ ਯੋਗਿੰਦਰ ਕਵਾਤਰਾ ਨੇ ਵੀ ਭਾਰੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਸ਼ਹਿਰ ਵਿੱਚ ਜਲੂਸ ਕੱਢਿਆ ਅਤੇ ਫੇਰ ਪੰਚਕੂਲਾ ਦੇ ਮਿੰਨੀ ਸਕੱਤਰੇਤ ਵਿੱਚ ਬਤੌਰ ਉਮੀਦਵਾਰ ਆਪਣੇ ਕਾਗਜ਼ ਦਰਜ ਕੀਤੇ।
ਭਾਰਤ ਦੀ ਅਰਥਵਿਵਸਥਾ ਕਿਸਾਨ ਤੇ ਮਜ਼ਦੂਰ ਨਾਲ ਚਲਦੀ ਹੈ: ਕੁਮਾਰੀ ਸ਼ੈਲਜਾ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸਾਬਕਾ ਕੇਂਦਰੀ ਮੰਤਰੀ ਅਤੇ ਹਰਿਆਣਾ ਪ੍ਰਦੇਸ਼ ਕਾਂਹਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸਾਡੀ ਅਰਥ ਵਿਵਸਥਾ ਕਿਸਾਨ ਅਤੇ ਮਜ਼ਦੂਰ ਨਾਲ ਚਲਦੀ ਹੈ। ਜੇ ਕਿਸਾਨ ਅਤੇ ਮਜ਼ਦੂਰ ਖੁਸ਼ਹਾਲ ਨਹੀਂ ਹੋਵੇਗਾ ਤਾਂ ਦੇਸ਼ ਦੀ ਅਰਥ ਵਿਵਸਥਾ ਠੱਪ ਹੋ ਜਾਵੇਗੀ। ਭਾਜਪਾ ਦੇ ਰਾਜ ਵਿਚ ਕਰਮਚਾਰੀ, ਵਪਾਰੀ, ਕਿਸਾਨ, ਮਜ਼ਦੂਰ ਸਭ ਦੁਖੀ ਹਨ। ਕਿਸਾਨ ਆਪਣੇ ਖੇਤ ਬਚਾਉਣ ਲਈ ਕੜਕਦੀ ਠੰਢ ਵਿਚ ਸੜਕਾਂ ’ਤੇ ਬੈਠੇ ਹਨ। ਕੁਮਾਰੀ ਸ਼ੈਲਜਾ ਅੱਜ ਨਗਰ ਨਿਗਮ ਅੰਬਾਲਾ ਦੀ ਚੋਣ ਵਿਚ ਮੇਅਰ ਦੇ ਅਹੁਦੇ ਦੀ ਕਾਂਗਰਸ ਉਮੀਦਵਾਰ ਮੀਨਾ ਅਗਰਵਾਲ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।