ਕਰਮਜੀਤ ਸਿੰਘ ਚਿੱਲਾ
ਬਨੂੜ, 8 ਦਸੰਬਰ
ਪਿਛਲੇ ਕਈ ਦਿਨਾਂ ਤੋਂ ਯੂਰੀਆ ਖ਼ਾਦ ਦੀ ਤੋਟ ਨਾਲ ਜੂਝ ਰਹੀਆਂ ਬਨੂੜ ਖੇਤਰ ਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਅੱਜ ਯੂਰੀਏ ਦੀ ਆਮਦ ਆਰੰਭ ਹੋ ਗਈ। ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਇਨੀਂ ਦਿਨੀਂ ਯੂਰੀਏ ਦੀ ਬਹੁਤ ਲੋੜ ਸੀ। ਸੁਸਾਇਟੀਆਂ ਵਿੱਚ ਯੂਰੀਆ ਪਹੁੰਚਣ ’ਤੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਕਿਸਾਨਾਂ ਦੀ ਇਸ ਮੰਗ ਨੂੰ ਲਗਾਤਾਰ ਉਭਾਰਿਆ ਜਾ ਰਿਹਾ ਸੀ ਤੇ ਵੀਰਵਾਰ ਦੇ ਅਖ਼ਬਾਰ ਵਿੱਚ ਵੀ ਇਸ ਸਬੰਧੀ ਵਿਸਥਾਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ਖੇਤਰ ਅੱਜ ਪਿੰਡ ਹੁਲਕਾ, ਦੇਵੀਨਗਰ(ਅਬਰਾਵਾਂ), ਰਾਜੋਮਾਜਰਾ, ਮਨੌਲੀ ਸੂਰਤ, ਖਲੌਰ ਆਦਿ ਦੀਆਂ ਸੁਸਾਇਟੀਆਂ ਵਿੱਚ ਅੱਜ ਯੂਰੀਆ ਪਹੁੰਚਿਆ। ਸਬੰਧਿਤ ਸੁਸਾਇਟੀਆਂ ਦੇ ਸਕੱਤਰਾਂ ਨੇ ਯੂਰੀਆ ਪਹੁੰਚਣ ਦੀ ਪੁਸ਼ਟੀ ਕੀਤੀ। ਖ਼ਾਦ ਦੀ ਆਮਦ ਦਾ ਪਤਾ ਲੱਗਦਿਆਂ ਹੀ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਤੁਰੰਤ ਸੁਸਾਇਟੀਆਂ ਵਿੱਚ ਪਹੁੰਚ ਗਏ ਤੇ ਖ਼ਾਦ ਲੈ ਕੇ ਪਹੁੰਚੀਆਂ ਗੱਡੀਆਂ ਵਿੱਚੋਂ ਹੀ ਨਾਲ ਦੀ ਨਾਲ ਯੂਰੀਆ ਲੋਡ ਹੋ ਗਿਆ। ਸੁਸਾਇਟੀਆਂ ਦੇ ਕਰਮਚਾਰੀਆਂ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਹੁਲਕਾ ਨੇ ਦੱਸਿਆ ਕਿ ਮਾਰਕਫੈੱਡ ਵੱਲੋਂ ਯੂਰੀਏ ਦੀ ਸਪਲਾਈ ਕੀਤੀ ਗਈ ਹੈ ਤੇ ਅਗਲੇ ਦੋ-ਚਾਰ ਦਿਨਾਂ ਵਿੱਚ ਇਫ਼ਕੋ ਵੱਲੋਂ ਵੀ ਯੂਰੀਆ ਭੇਜਿਆ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਯੂਰੀਏ ਦੀ ਲੋੜ ਪੂਰੀ ਹੋ ਜਾਵੇਗੀ।