ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਸਤੰਬਰ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਾਢੇ ਪੰਜ ਮਹੀਨੇ ਬਾਅਦ ਹੋਟਲ ਅਤੇ ਬਾਰ/ਰੇਸਟੋਰੈਂਟ ਵਿੱਚ ਬਾਰ ਖੁੱਲ੍ਹਣ ਦੇ ਨਾਲੋਂ-ਨਾਲ ਯੂਟੀ ਪ੍ਰਸ਼ਾਸਨ ਨੂੰ ਬਾਰ ਲਾਇਸੰਸ ਫੀਸ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਕਮਾਈ ਹੋਈ ਹੈ। 2 ਦਿਨਾਂ ਵਿੱਚ ਯੂਟੀ ਪ੍ਰਸ਼ਾਸਨ ਕੋਲ 3 ਕਰੋੜ ਰੁਪਏ ਇਕੱਠੇ ਹੋਏ ਹਨ। ਇਸ ਵਿੱਚੋਂ ਇਕ ਕਰੋੜ ਰੁਪਏ ਅੱਜ ਅਤੇ 2 ਕਰੋੜ ਰੁਪਏ ਲੰਘੇ ਦਿਨ ਜਮ੍ਹਾਂ ਹੋਏ ਸਨ। ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਬਾਰ ਲਾਇਸੰਸ ਫੀਸ ਰਾਹੀਂ 5 ਕਰੋੜ ਰੁਪਏ ਇਕੱਠੇ ਹੋ ਸਕਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾਵਾਇਰਸ ਕਰਕੇ ਲਗਾਈ ਗਈ ਤਾਲਾਬੰਦੀ ਕਰਕੇ ਯੂਟੀ ਪ੍ਰਸ਼ਾਸਨ ਨੇ ਕਿਸੇ ਵੀ ਹੋਟਲ, ਬਾਰ ਜਾਂ ਰੈਸਤਰਾਂ ਦਾ ਲਾਇਸੰਸ ਨਵਿਆਉਣ ਦੇ ਆਦੇਸ਼ ਨਹੀਂ ਦਿੱਤੇ ਸਨ।
ਪਰ ਕੇਂਦਰ ਸਰਕਾਰ ਦੀ ਹਦਾਇਤਾਂ ਤੋਂ ਬਾਅਦ ਹੁਣ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿਚਲੇ ਹੋਟਲ, ਬਾਰ ਅਤੇ ਰੈਸਤਰਾਂ ਵਿੱਚ ਬਾਰ ਖੋਲ੍ਹਣ ਲਈ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਲਈ ਸ਼ਹਿਰ ਦੇ ਹੋਟਲ, ਬਾਰ ਅਤੇ ਰੈਸਤਰਾਂ ਮਾਲਕਾਂ ਵੱਲੋਂ ਆਪਣਾ ਲਾਇਸੰਸ ਨਵਿਆਉਣ ਦਾ ਕੰਮ ਜਾਰੀ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਐੱਲ-3, ਐੱਲ-4 ਅਤੇ ਐੱਲ-5 ਲਾਈਸੰਸ ਦੇ 110 ਵਿਅਕਤੀਆਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ 60 ਦੇ ਕਰੀਬ ਨੇ ਆਪਣੀ ਫ਼ੀਸ ਜਮ੍ਹਾਂ ਕਰਵਾ ਦਿੱਤੀ ਹੈ। ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵਿਭਾਗ ਨੇ ਵਿੱਤ ਵਰ੍ਹੇ 2020-21 ਵਿੱਚ 9 ਮਹੀਨੇ ਦੀ ਹੀ ਫੀਸ ਵਸੂਲਣ ਦਾ ਫ਼ੈਸਲਾ ਲਿਆ ਸੀ ਪਰ ਹੁਣ ਸਿਰਫ਼ 7 ਮਹੀਨੇ ਦੀ ਹੀ ਫੀਸ ਵਸੂਲੀ ਜਾਵੇਗੀ।