ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਜੂਨ
ਯੂਟੀ ਦਾ ਸਿੱਖਿਆ ਵਿਭਾਗ ਹਰਿਆਣਾ ਦੇ ਅਧਿਆਪਕਾਂ ’ਤੇ ਮਿਹਰਬਾਨ ਹੈ। ਵਿਭਾਗ ਵਲੋਂ ਸਕੂਲ ਮੁਖੀਆਂ ਤੋਂ ਹਰਿਆਣਾ ਦੇ ਟੀਜੀਟੀ ਅਧਿਆਪਕਾਂ ਦਾ ਰਿਕਾਰਡ ਮੰਗਿਆ ਗਿਆ ਹੈ। ਵਿਭਾਗ ਵਲੋਂ ਇਨ੍ਹਾਂ ਅਧਿਆਪਕਾਂ ਨੂੰ ਤਰੱਕੀ ਦੇ ਕੇ ਲੈਕਚਰਾਰ ਬਣਾਇਆ ਜਾ ਰਿਹਾ ਹੈ ਜਦਕਿ ਡੈਪੂਟੇਸ਼ਨ ’ਤੇ ਆਏ ਅਧਿਆਪਕਾਂ ਨੂੂੰ ਵਾਪਸ ਨਹੀਂ ਭੇਜਿਆ ਜਾ ਰਿਹਾ। ਚੰਡੀਗੜ੍ਹ ਦੇ ਸਥਾਨਕ ਅਧਿਆਪਕਾਂ ਨੇ ਵਿਭਾਗ ਕੋਲ ਇਸ ਸਬੰਧੀ ਰੋਸ ਜਤਾਇਆ ਹੈ ਕਿ ਜੇ ਇਨ੍ਹਾਂ ਨੂੰ ਤਰੱਕੀਆਂ ਦੇਣੀਆਂ ਹਨ ਤਾਂ ਇਨ੍ਹਾਂ ਨੂੰ ਪਿਤਰੀ ਰਾਜ ਭੇਜਿਆ ਜਾਵੇ। ਦੂਜੇ ਪਾਸੇ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਦੇ ਵੇਰਵੇ ਦੋ ਦਿਨਾਂ ਵਿਚ ਮੰਗੇ ਹਨ। ਜਾਣਕਾਰੀ ਅਨੁਸਾਰ ਸਕੱਤਰੇਤ ਨੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਉਹ ਆਪਣੇ ਆਪਣੇ ਸਕੂਲਾਂ ਵਿਚ ਹਰਿਆਣਾ ਤੋਂ ਆਏ ਟੀਜੀਟੀ ਅਧਿਆਪਕਾਂ ਦੇ ਵੇਰਵੇ ਦੇਣ ਤੇ ਜੇ ਕੋਈ ਅਧਿਆਪਕ ਇਹ ਤਰੱਕੀ ਨਹੀਂ ਚਾਹੁੰਦਾ ਤਾਂ ਇਸ ਸਬੰਧ ਵਿਚ ਅਧਿਆਪਕ ਵਲੋਂ ਹਲਫਨਾਮਾ ਲਿਆ ਜਾਵੇ। ਜਦਕਿ ਨਿਯਮ ਇਹ ਹਨ ਕਿ ਜੇ ਕੋਈ ਵੀ ਡੈਪੂਟੇਸ਼ਨ ਤੋਂ ਆਇਆ ਅਧਿਆਪਕ ਤਰੱਕੀ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਵਾਪਸ ਪਿਤਰੀ ਰਾਜ ਭੇਜਿਆ ਜਾਵੇਗਾ ਤੇ ਉਥੇ ਪੰਜ ਸਾਲ ਦੀ ਤਾਇਨਾਤੀ ਤੋਂ ਬਾਅਦ ਹੀ ਉਹ ਚੰਡੀਗੜ੍ਹ ਵਿਚ ਦੁਬਾਰਾ ਡੈਪੂਟੇਸ਼ਨ ’ਤੇ ਆ ਸਕਦਾ ਹੈ।
ਯੂਟੀ ਕੇਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਉਹ ਡੈਪੂਟੇਸ਼ਨ ਉਤੇ ਆਏ ਅਧਿਆਪਕਾਂ ਖਿਲਾਫ ਨਹੀਂ ਹਨ ਪਰ ਮਿਆਦ ਪੁਗਾ ਚੁੱਕੇ ਅਧਿਆਪਕਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਤਾਂ ਕਿ ਸਥਾਨਕ ਅਧਿਆਪਕਾਂ ਦੀਆਂ ਤਰੱਕੀਆਂ ਵਿਚ ਰੁਕਾਵਟ ਨਾ ਪਵੇ।
ਸਰਕਾਰੀ ਸਕੂਲ 15 ਜੂਨ ਤੋਂ ਖੁੱਲ੍ਹਣਗੇ
ਯੂਟੀ ਦੇ ਸਰਕਾਰੀ ਤੇ ਏਡਿਡ ਸਕੂਲਾਂ 15 ਜੂਨ ਤੋਂ ਖੁੱਲ੍ਹਣਗੇ। ਇਸ ਦੌਰਾਨ ਸਕੂਲਾਂ ਵਿਚ ਆਫਲਾਈਨ ਜਮਾਤਾਂ ਨਹੀਂ ਲੱਗਣਗੀਆਂ ਪਰ ਅਧਿਆਪਕਾਂ ਤੇ ਨਾਨ ਟੀਚਿੰਗ ਸਟਾਫ ਨੂੰ ਸਕੂਲ ਆਉਣਾ ਪਵੇਗਾ। ਇਸ ਸਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਨੇ ਹੁਕਮ ਜਾਰੀ ਕਰ ਦਿੱਤੇ ਹਨ। ਵਿਭਾਗ ਨੇ ਇਸ ਦੇ ਨਾਲ ਹੀ ਅਕਤੂਬਰ ਤਕ ਮਿਲਣ ਵਾਲੀਆਂ ਸ਼ਨਿਚਰਵਾਰ ਦੀਆਂ ਛੁੱਟੀਆਂ ’ਤੇ ਵੀ ਕੱਟ ਲਾ ਦਿੱਤਾ ਹੈ। ਇੱਥੋਂ ਦੇ ਸਰਕਾਰੀ ਸਕੂਲਾਂ ਵਿੱਚ ਅੱਠ ਜੂਨ ਤਕ ਗਰਮੀ ਦੀਆਂ ਛੁੱਟੀਆਂ ਹੋਈਆਂ ਸਨ। ਇਸ ਤੋਂ ਬਾਅਦ ਛੁੱਟੀਆਂ 14 ਜੂਨ ਤਕ ਵਧਾ ਦਿੱਤੀਆਂ ਗਈਆਂ ਸਨ। ਜ਼ਿਲ੍ਹਾ ਸਿੱਖਿਆ ਅਫਸਰ ਨੀਨਾ ਕਾਲੀਆ ਨੇ ਅੱਜ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਸਰਕਾਰੀ ਤੇ ਏਡਿਡ ਸਕੂਲ 15 ਜੂਨ ਤੋਂ ਸਵੇਰੇ ਸਾਢੇ ਅੱਠ ਤੋਂ ਡੇਢ ਵਜੇ ਤਕ ਖੁੱਲ੍ਹਣਗੇ ਤੇ ਇਸ ਦੌਰਾਨ ਅਧਿਆਪਕ ਰੋਜ਼ਾਨਾ ਸਕੂਲ ਆਉਣਗੇ ਤੇ ਦਾਖਲਾ ਪ੍ਰਕਿਰਿਆ ਦਾ ਕੰਮ ਸੰਭਾਲਣਗੇ।