ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਸਤੰਬਰ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ 7ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਰਵਾਈ ਆਨਲਾਈਨ ਪੜ੍ਹਾਈ ਦਾ ਜਾਇਜ਼ਾ ਲੈਣ ਲਈ ਅੱਜ ਪ੍ਰੀਖਿਆ ਕਰਵਾਈ ਗਈ। ਇਸ ਪ੍ਰਾਜੈਕਟ ਤਹਿਤ ਇਨ੍ਹਾਂ ਵਿਦਿਆਰਥੀਆਂ ਦੀ ਵਟਸਐਪ ’ਤੇ ਆਨਲਾਈਨ ਪ੍ਰੀਖਿਆ ਲਈ ਗਈ ਜਿਸ ਦਾ ਅਧਿਆਪਕਾਂ ਵਲੋਂ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਇਲਾਵਾ 9ਵੀਂ ਜਮਾਤ ਦੇ ਵਿਦਿਆਰਥੀ ਦੀ ਗੂਗਲ ਫਾਰਮ ਜ਼ਰੀਏ ਪ੍ਰੀਖਿਆ ਹੋਈ।
ਜਾਣਕਾਰੀ ਅਨੁਸਾਰ ਵਿਭਾਗ ਨੇ ਉਕਤ ਜਮਾਤ ਦੇ ਵਿਦਿਆਰਥੀਆਂ ਦਾ 80 ਅੰਕਾਂ ਦਾ ਚਾਰ ਵਿਸ਼ਿਆਂ ਅੰਗਰੇਜ਼ੀ, ਗਣਿਤ, ਵਿਗਿਆਨ ਤੇ ਸੋਸ਼ਲ ਸਟੱਡੀਜ਼ ਦੀ ਪ੍ਰੀਖਿਆ ਅੱਜ ਲਈ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਗਣਿਤ, ਅੰਗਰੇਜ਼ੀ, ਵਿਗਿਆਨ ਤੇ ਸੋਸ਼ਲ ਸਟੱਡੀਜ਼ ਨਾਲ ਸਬੰਧਤ ਹਰ ਵਿਸ਼ੇ ਵਿਚੋਂ 10-10 ਸਵਾਲ ਪੁੱਛੇ ਗਏ ਤੇ ਹਰ ਸਵਾਲ ਦੇ ਦੋ ਅੰਕ ਹਨ। ਉਨ੍ਹਾਂ ਦੱਸਿਆ ਕਿ ਹਰ ਵਿਦਿਆਰਥੀ ਨੇ ਹਰ ਵਿਸ਼ੇ ਦੀ ਵੱਖ-ਵੱਖ ਸ਼ੀਟਾਂ ’ਤੇ ਪ੍ਰੀਖਿਆ ਦਿੱਤੀ ਤੇ ਉਸ ਨੂੰ ਅਪਲੋਡ ਕਰ ਕੇ ਆਨਲਾਈਨ ਹੀ ਅਧਿਆਪਕ ਨੂੰ ਭੇਜਿਆ ਜਿਸ ਦਾ ਮੁਲਾਂਕਣ ਵੀ ਅਧਿਆਪਕ ਵਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਧਿਆਪਕ ਨੂੰ ਹਰ ਵਿਦਿਆਰਥੀ ਦਾ ਮੁਲਾਂਕਣ ਕਰਨ ਲਈ ਦੋ ਦਿਨ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਚੰਡੀਗੜ੍ਹ ਸਬੰਧੀ ਛਪੇ ਕਿਤਾਬਚੇ ਆਧਾਰਿਤ ਹੀ ਲਈ ਗਈ।ਪਹਿਲਾਂ ਅਧਿਆਪਕ ਜੋ ਪੜ੍ਹਾਈ ਜਮਾਤਾਂ ਵਿਚ ਕਰਵਾਉਂਦੇ ਸਨ ਉਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀਆਂ ਨੂੰ ਇਸ ਬਾਰੇ ਸਮਝ ਹੀ ਨਹੀਂ ਆਉਂਦੀ ਸੀ ਜਿਸ ਦਾ ਅਸਰ ਨਤੀਜਿਆਂ ਵਿਚ ਗਿਰਾਵਟ ਵਿਚ ਦਿਸਦਾ ਸੀ।
ਜੇਈਈ ਅਡਵਾਂਸਡ ਦੀ ਪ੍ਰੀਖਿਆ ਹੋਈ
ਚੰਡੀਗੜ੍ਹ ਵਿਚ ਅੱਜ ਜੇਈਈ ਅਡਵਾਂਸਡ ਦੀ ਪ੍ਰੀਖਿਆ ਕਰੋਨਾ ਦੀਆਂ ਪੂਰੀਆਂ ਸਾਵਧਾਨੀਆਂ ਜ਼ਰੀਏ ਹੋਈ। ਇਸ ਵਾਰ ਇਸ ਪ੍ਰੀਖਿਆ ਦੇ ਢੰਗਾਂ ਵਿਚ ਕੁਝ ਬਦਲਾਅ ਲਿਆਂਦੇ ਗਏ ਸਨ ਤੇ ਵਿਦਿਆਰਥੀਆਂ ਨੇ ਅੱਜ ਵੀ ਪ੍ਰੀਖਿਆ ਨੂੰ ਔਖਾ ਦੱਸਿਆ। ਅੱਜ ਟਰਾਈਸਿਟੀ ਦੇ 2500 ਦੇ ਕਰੀਬ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ। ਹਰ ਪ੍ਰੀਖਿਆ ਕੇਂਦਰ ਦੇ ਬਾਹਰ ਤੇ ਅੰਦਰ ਵਿਦਿਆਰਥੀਆਂ ਦੇ ਤਾਪਮਾਨ ਦੀ ਜਾਂਚ ਕੀਤੀ ਗਈ ਤੇ ਸਮਾਜਿਕ ਦੂਰੀ ਤੇ ਹੋਰ ਨਿਯਮਾਂ ਦਾ ਪਾਲਣ ਕੀਤਾ ਗਿਆ। ਕਈ ਸੈਂਟਰਾਂ ਦੇ ਬਾਹਰ ਭੀੜ ਵੀ ਲੱਗੀ ਰਹੀ ਪਰ ਪੁਲੀਸ ਤੇ ਪ੍ਰਸ਼ਾਸਨ ਵਲੋਂ ਇਸ ਸਬੰਧੀ ਪੁਖਤਾ ਇੰਤਜ਼ਾਮ ਕੀਤੇ ਗਏ ਸਨ।