ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਜੁਲਾਈ
ਯੂਟੀ ਦੇ ਸਿੱਖਿਆ ਵਿਭਾਗ ਨੇ ਇਸ ਵਾਰ ਸਟੇਟ ਟੀਚਰਜ਼ ਐਵਾਰਡ ਦੇਣ ਲਈ ਨਵੀਂ ਪਾਲਿਸੀ ਬਣਾਈ ਹੈ ਜਿਸ ਤਹਿਤ ਮੈਰਿਟ ਦੇ ਆਧਾਰ ’ਤੇ ਹੀ ਟੀਚਰਜ਼ ਐਵਾਰਡ ਦਿੱਤੇ ਜਾਣਗੇ। ਪਾਰਦਰਸ਼ੀ ਢੰਗ ਨਾਲ ਚੋਣ ਕਰਨ ਲਈ ਅੰਕ ਪ੍ਰਣਾਲੀ ਲਿਆਂਦੀ ਹੈ ਜਿਸ ਤਹਿਤ ਅਧਿਆਪਕ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਹੀ ਉਸ ਨੂੰ ਅੰਕ ਦਿੱਤੇ ਜਾਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਨੀਤੀ ਨੂੰ ਪ੍ਰਸ਼ਾਸਕ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਰ ਸਿੱਖਿਆ ਵਿਭਾਗ ਨੇ ਸਟੇਟ ਐਵਾਰਡ ਦੇ ਢੰਗ ਵਿੱਚ ਵੀ ਬਦਲਾਅ ਕੀਤੇ ਹਨ।
ਇਸ ਵਾਰ ਰੈਗੂਲਰ ਅਧਿਆਪਕਾਂ ਦੇ ਨਾਲ ਹੀ ਗੈਸਟ ਫੈਕਲਟੀ, ਠੇਕੇ ’ਤੇ ਕੰਮ ਕਰਦੇ ਅਤੇ ਡੈਪੂਟੇਸ਼ਨ ’ਤੇ ਕੰਮ ਕਰਦੇ ਅਧਿਆਪਕ ਵੀ ਟੀਚਰਜ਼ ਐਵਾਰਡ ਲਈ ਅਪਲਾਈ ਕਰ ਸਕਣਗੇ।
20 ਅਧਿਆਪਕਾਂ ਨੂੰ ਮਿਲੇਗਾ ਸਟੇਟ ਐਵਾਰਡ
ਇਸ ਵਾਰ 20 ਅਧਿਆਪਕਾਂ ਨੂੰ ਸਟੇਟ ਐਵਾਰਡ ਦਿੱਤਾ ਜਾਵੇਗਾ ਜਦਕਿ 12 ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਨਿਵਾਜਿਆ ਜਾਵੇਗਾ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਾਰ ਟੀਚਰਜ਼ ਐਵਾਰਡ ਲਈ ਰਾਸ਼ੀ ਵੀ 21 ਹਜ਼ਾਰ ਰੁਪਏ ਤੋਂ ਵਧਾ ਕੇ 31 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਸਬੰਧੀ ਸਕੂਲਾਂ ਨੂੰ ਸਰਕੁਲਰ ਜਾਰੀ ਕਰ ਦਿੱਤਾ ਗਿਆ ਹੈ ਤੇ ਅਧਿਆਪਕਾਂ ਤੋਂ ਐਵਾਰਡ ਲਈ 31 ਜੁਲਾਈ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਅਧਿਆਪਕਾਂ ਦੀ 150 ਅੰਕਾਂ ਨਾਲ ਮੈਰਿਟ ਬਣੇਗੀ ਅਤੇ 20 ਅੰਕ ਸਿੱਖਿਆ ਤਜ਼ਰਬਾ, ਏਸੀਆਰ, ਇਨ ਸਰਵਿਸ ਟਰੇਨਿੰਗ, ਨਤੀਜੇ, ਪੜ੍ਹਾਉਣ ਲਈ ਆਈਸੀਟੀ ਦਾ ਯੋਗਦਾਨ, ਸੋਸ਼ਲ ਕਮਿਊਨਿਟੀ ਸਰਵਿਸ, ਕਲੱਬ ਯੋਗਦਾਨ, ਦਿਵਿਆਂਗ ਬੱਚਿਆਂ ਨੂੰ ਪੜ੍ਹਾਉਣ ਦਾ ਤਜ਼ਰਬਾ ਹੋਰ ਗਤੀਵਿਧੀਆਂ ਦੇ ਵੀ ਅੰਕ ਦਿੱਤੇ ਜਾਣਗੇ।