ਆਤਿਸ਼ ਗੁਪਤਾ
ਚੰਡੀਗੜ੍ਹ, 19 ਅਗਸਤ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵਾਤਾਵਰਨ ਦੀ ਸਾਂਭ-ਸੰਭਾਲ ਲਈ ਡੀਜ਼ਲ ਬੱਸਾਂ ਦੀ ਥਾਂ ਇਲੈਕਟ੍ਰਿਕ ਬੱਸਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸ਼ਹਿਰ ਵਿੱਚ ਇਲੈਕਟ੍ਰਿਕ ਬੱਸਾਂ ਦੀ ਵਰਤੋਂ ਕਰਨ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਯੂਟੀ ਦੇ ਟਰਾਂਸਪੋਰਟ ਵਿਭਾਗ ਨੇ ਇਲੈਕਟ੍ਰਿਕ ਬੱਸਾਂ ਦੀ ਵਰਤੋਂ ਕਰਕੇ ਢਾਈ ਸਾਲਾਂ ਵਿੱਚ 20.80 ਕਰੋੜ ਰੁਪਏ ਦੇ ਲਗਪਗ 25.28 ਲੱਖ ਲਿਟਰ ਡੀਜ਼ਲ ਦੀ ਬੱਚਤ ਕੀਤੀ ਹੈ। ਇਸ ਦੇ ਨਾਲ ਹੀ ਡੀਜ਼ਲ ਬੱਸਾਂ ਨਾਲ ਹੋਣ ਵਾਲੇ ਵਾਤਾਵਰਨ ਪ੍ਰਦੂਸ਼ਣ ਨੂੰ ਵੀ ਰੋਕਿਆ ਜਾ ਸਕਿਆ ਹੈ। ਪ੍ਰਸ਼ਾਸਨ ਨੇ ਨਵੰਬਰ 2021 ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣੀਆਂ ਸ਼ੁਰੂ ਕੀਤੀਆਂ ਸਨ। ਇਸ ਸਮੇਂ ਟਰਾਈਸਿਟੀ ਦੀਆਂ ਸੜਕਾਂ ’ਤੇ ਲਗਪਗ 80 ਇਲੈਕਟ੍ਰਿਕ ਬੱਸਾਂ ਦੌੜ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਲੈਕਟ੍ਰਿਕ ਬੱਸਾਂ ਨੇ ਢਾਈ ਸਾਲਾਂ ਵਿੱਚ ਕੁੱਲ 1.26 ਕਰੋੜ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਇਸ ਤਰ੍ਹਾਂ 25.28 ਲੱਖ ਲਿਟਰ ਡੀਜ਼ਲ ਦੀ ਬੱਚਤ ਹੋਈ ਹੈ ਜਿਸ ਦੀ ਕੀਮਤ 20.80 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਇਲੈਕਟ੍ਰਿਕ ਬੱਸਾਂ ਨੇ 6674.91 ਟਨ ਕਾਰਬਨ ਡਾਈਅਕਸਾਈਡ ਦੇ ਨਿਕਾਸ ਨੂੰ ਰੋਕਣ ’ਚ ਵੀ ਮਦਦ ਕੀਤੀ ਹੈ। ਹਾਲਾਂਕਿ, ਯੂਟੀ ਦੇ ਟਰਾਂਸਪੋਰਟ ਵਿਭਾਗ ਵੱਲੋਂ ਇਸ ਸਾਲ 100 ਹੋਰ ਇਲੈਕਟ੍ਰਿਕ ਬੱਸਾਂ ਖਰੀਦਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਜਦੋਂਕਿ ਟਰਾਂਸਪੋਰਟ ਵਿਭਾਗ ਵੱਲੋਂ ਸਾਲ 2027-28 ਤੱਕ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀਆਂ 350 ਡੀਜ਼ਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਇੱਕ ਬੱਸ ਇੱਕ ਵਾਰ ਚਾਰਜ ਕਰਨ ’ਤੇ ਲਗਪਗ 130 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਇੱਕ ਵਾਹਨ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਵਿੱਚ ਲਗਪਗ ਦੋ ਘੰਟੇ ਲੱਗਦੇ ਹਨ। ਹਰੇਕ ਬੱਸ ਵਿੱਚ 36 ਸਵਾਰੀਆਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਇੱਕ ਸਮੇਂ ਵਿੱਚ ਵੱਧ ਤੋਂ ਵੱਧ 54 ਸਵਾਰੀਆਂ ਬੱਸ ਵਿੱਚ ਸਫ਼ਰ ਕਰ ਸਕਦੀਆਂ ਹਨ। ਹਰੇਕ ਬੱਸ ਇੱਕ ਦਿਨ ਵਿੱਚ 200 ਤੋਂ 300 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ।
ਸ਼ਹਿਰ ਵਿੱਚ ਈ ਵਾਹਨਾਂ ਦਾ ਰੁਝਾਨ ਵਧਿਆ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਰੁਝਾਨ ਵੱਧ ਰਿਹਾ ਹੈ। ਚੰਡੀਗੜ੍ਹ ਵਿੱਚ ਸਤੰਬਰ 2022 ਵਿੱਚ ਇਲੈਕਟ੍ਰਿਕ ਵਹੀਕਲ ਪਾਲਸੀ ਲਾਗੂ ਹੋਣ ਮਗਰੋਂ 15 ਜੁਲਾਈ ਤੱਕ ਸ਼ਹਿਰ ਵਿੱਚ 3,281 ਇਲੈਕਟ੍ਰਿਕ ਦੋ ਪਹੀਆ ਅਤੇ 1,785 ਚਾਰ ਪਹੀਆ ਵਾਹਨ ਰਜਿਸਟਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨਾਂ ਦੀ ਚਾਰਜਿੰਗ ਲਈ ਸ਼ਹਿਰ ਵਿੱਚ ਹੁਣ ਤੱਕ ਅੱਠ ਜਨਤਕ ਚਾਰਜਿੰਗ ਸਟੇਸ਼ਨ ਚਾਲੂ ਕੀਤੇ ਗਏ ਹਨ। ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰੋਮੋਸ਼ਨ ਸੁਸਾਇਟੀ (ਕਰੱਸਟ) ਅਨੁਸਾਰ 15 ਸਤੰਬਰ ਤੱਕ ਕਰੀਬ 20 ਹੋਰ ਚਾਰਜਿੰਗ ਸਟੇਸ਼ਨ ਚਾਲੂ ਕਰ ਦਿੱਤੇ ਜਾਣਗੇ।