ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਜੁਲਾਈ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਅੰਤਰ-ਵਿਭਾਗੀ ਤਬਾਦਲਾ ਨੀਤੀ ਲਾਗੂ ਕਰ ਦਿੱਤੀ ਹੈ। ਉਸ ਦੇ ਬਾਵਜੂਦ ਯੂਟੀ ਦੇ ਵੱਖ-ਵੱਖ ਵਿਭਾਗਾਂ ਵਿੱਚ 200 ਤੋਂ ਵੱਧ ਮੁਲਾਜ਼ਮ ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ’ਤੇ ਇਕੋਂ ਥਾਂ ’ਤੇ ਤਾਇਨਾਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ’ਚ 216 ਕਰਮਚਾਰੀ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਇੱਕੋ ਸੀਟ ’ਤੇ ਕੰਮ ਕਰ ਰਹੇ ਹਨ। ਇਸ ਵਿੱਚੋਂ 41 ਦੇ ਕਰੀਬ ਅਧਿਕਾਰੀ ਕਲਰਕ, ਸੀਨੀਅਰ ਸਹਾਇਕ ਸੁਪਰਡੈਂਟ, ਜੂਨੀਅਰ ਇੰਜਨੀਅਰ ਤੇ ਕਾਰਜਕਾਰੀ ਇੰਜਨੀਅਰ ਦੇ ਅਹੁਦੇ ’ਤੇ ਤਾਇਨਾਤ ਹਨ। ਜੋ ਕਿ ਯੂਟੀ ਸਕੱਤਰੇਤ ਵਿੱਚ ਤਾਇਨਾਤ ਹਨ। ਇਨ੍ਹਾਂ ਵਿੱਚੋਂ ਕੁਝ ਅਧਿਕਾਰੀ ਤਾਂ ਵੱਖ-ਵੱਖ ਵਿਭਾਗਾਂ ’ਚ ਅੱਠ ਤੋਂ 10 ਸਾਲਾਂ ਤੋਂ ਲਗਾਤਾਰ ਤਾਇਨਾਤ ਹਨ।
ਯੂਟੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਤਿੰਨ ਸਾਲ ਪੂਰੇ ਕਰ ਚੁੱਕੇ ਮੁਲਾਜ਼ਮਾਂ ਨੂੰ ਇਕ ਸੀਟ ’ਤੇ ਨਾ ਰਹਿਣ ਦਿੱਤਾ ਜਾਵੇ, ਉਨ੍ਹਾਂ ਦਾ ਤਬਾਦਲਾ ਯਕੀਨੀ ਬਣਾਇਆ ਜਾਵੇ। ਪਿਛਲੇ ਸਾਲ ਨਵੰਬਰ ’ਚ ਯੂਟੀ ਦੇ ਪ੍ਰਸੋਨਲ ਵਿਭਾਗ ਨੇ ਵੱਖ-ਵੱਖ ਵਿਭਾਗਾਂ ਦੇ 61 ਮੁਲਾਜ਼ਮਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਮੁਲਾਜ਼ਮਾਂ ਵਿੱਚੋਂ ਸਭ ਤੋਂ ਵੱਧ 26 ਅਸਟੇਟ ਦਫ਼ਤਰ ਦੇ ਸਨ। ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਨਵਰੀ 2018 ’ਚ ਪ੍ਰਸ਼ਾਸਨ ਲਈ ਅੰਤਰ-ਵਿਭਾਗੀ ਤਬਾਦਲਾ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਨੇ ਯੂਟੀ ਪ੍ਰਸ਼ਾਸਕ ਨੂੰ ਵਿਭਾਗਾਂ ਵਿਚਕਾਰ ਗਰੁੱਪ ਏ, ਬੀ ਤੇ ਸੀ ਦਾ ਤਬਾਦਲਾ ਕਰਨ ਲਈ ਅਧਿਕਾਰਤ ਕੀਤਾ ਸੀ। ਪਰ ਯੂਟੀ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।