ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 16 ਅਗਸਤ
ਲੋਹਗੜ੍ਹ ਖੇਤਰ ’ਚ ਸਥਿਤ ਮਿਊਂਸੀਪਲ ਪਾਰਕ ਵਿੱਚ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਹਫ਼ਤੇ ਵਿੱਚ ਦੂਜੀ ਵਾਰ ਪਾਰਕ ਵਿੱਚ ਭੰਨਤੋੜ ਕੀਤੀ ਗਈ ਹੈ। ਸ਼ਰਾਰਤੀ ਅਨਸਰਾਂ ਵੱਲੋਂ ਪਾਰਕ ਵਿੱਚ ਸਥਾਪਤ ਕੀਤੇ ਬੈਂਚ, ਪੌਦੇ ਅਤੇ ਬੱਚਿਆਂ ਲਈ ਝੂਲਿਆਂ ਅਤੇ ਬੂਟਿਆਂ ਸਮੇਤ ਹੋਰਨਾਂ ਵਸਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਹਫ਼ਤੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਦੂਜੀ ਵਾਰ ਇਸ ਪਾਰਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪਹਿਲਾਂ ਵੀ ਸ਼ਰਾਰਤੀ ਅਨਸਰਾਂ ਵੱਲੋਂ ਇਸੇ ਪਾਰਕ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ, ਜਿਸ ਬਾਰੇ ਪੁਲੀਸ ਨੂੰ ਵੀ ਸੂਚਨਾ ਦਿੱਤੀ ਗਈ ਸੀ ਪਰ ਹਾਲੇ ਤੱਕ ਪੁਲੀਸ ਦੋਸ਼ੀਆਂ ਦੀ ਭਾਲ ਨਹੀਂ ਕਰ ਸਕੀ। ਲੋਹਗੜ੍ਹ ਵਾਸੀਆਂ ਨੇ ਦੱਸਿਆ ਕਿ ਐਨੇ ਵੱਡੇ ਖੇਤਰ ਵਿੱਚ ਇਹ ਇਕੱਲਾ ਪਾਰਕ ਹੈ, ਜਿਥੇ ਇਸ ਇਲਾਕੇ ਦੇ ਲੋਕ ਸੈਰ ਅਤੇ ਬੱਚੇ ਖੇਡਣ ਲਈ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਦੀ ਸੂਬੇ ’ਚ ਕਾਂਗਰਸ ਸਰਕਾਰ ਆਈ ਹੈ ਉਸ ਮਗਰੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਨ੍ਹਾਂ ਪਾਰਕਾਂ ਦੀ ਦੇਖਰੇਖ ਕਰਨੀ ਬੰਦ ਕਰ ਦਿੱਤੀ ਹੈ। ਥਾਣਾ ਮੁਖੀ ਗੁਰਵੰਤ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।