ਹਰਜੀਤ ਸਿੰਘ
ਜ਼ੀਰਕਪੁਰ, 28 ਜੁਲਾਈ
ਚੰਡੀਗੜ੍ਹ-ਅੰਬਾਲਾ ਸ਼ਾਹਰਾਹ ’ਤੇ ਸਥਿਤ ਹੋਟਲ ਜੀ ਪਲਾਜ਼ਾ ਅਤੇ ਬੈਰੀਅਰ ’ਤੇ ਸਥਿਤ ਹੋਟਲ ਨਿਊ ਸਟਾਈਲ ਵਿੱਚ ਮੋਟਰਸਾਈਕਲਾਂ ਅਤੇ ਕਾਰਾਂ ਵਿੱਚ ਆਏ 25 ਤੋਂ 30 ਵਿਅਕਤੀਆਂ ਦੋਵੇਂ ਥਾਂ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। ਹਮਲਾਵਰਾਂ ਵੱਲੋਂ ਇਕੋ ਮਾਲਕ ਦੀ ਮਲਕੀਅਤ ਵਾਲੇ ਦੋਵੇਂ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਹੋਟਲ ਵਿੱਚ ਠਹਿਰੇ ਮਹਿਮਾਨਾਂ ਦੀ ਵੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਬਾਹਰ ਖੜ੍ਹੇ ਵਾਹਨ ਵੀ ਭੰਨ ਦਿੱਤੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਹੋਟਲ ਜੀ ਪਲਾਜ਼ਾ ਅਤੇ ਹੋਟਲ ਨਿਊ ਸਟਾਈਲ ਦੇ ਡਾਇਰੈਕਟਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ 21 ਜੁਲਾਈ ਨੂੰ ਕੁਝ ਲੋਕ ਹੋਟਲ ਵਿੱਚ ਕਮਰਾ ਲੈਣ ਆਏ ਸਨ। ਉਨ੍ਹਾਂ ਨੇ ਜਦੋਂ ਹੋਟਲ ਮੈਨੇਜਰ ਨੂੰ ਆਪਣੀ ਆਈਡੀ ਨਾ ਦਿਖਾਈ ਤਾਂ ਮੈਨੇਜਰ ਨੇ ਉਨ੍ਹਾਂ ਨੂੰ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਇਹ ਹਮਲਾਵਰ 24 ਜੁਲਾਈ ਨੂੰ ਫਿਰ ਆਏ ਅਤੇ ਉਸ ਨੂੰ ਧਮਕੀਆਂ ਦੇਣ ਲੱਗੇ। ਪ੍ਰਵੀਨ ਨੇ ਦੋਸ਼ ਲਾਇਆ ਕਿ ਹਮਲਾਵਰ ਉਸ ਤੋਂ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਸਨ ਪਰ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਉਸ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਤੋਂ ਬਾਅਦ ਮਾਲਕ ਨੇ ਹੋਟਲ ਨਿਊ ਸਟਾਈਲ ਵਿੱਚ ਸੁਰੱਖਿਆ ਲਈ ਬਾਊਂਸਰ ਵੀ ਰੱਖੇ ਹੋਏ ਸਨ। ਸ਼ਨਿਚਰਵਾਰ ਰਾਤ ਕਰੀਬ 10 ਵਜੇ ਹਮਲਾਵਰ ਮੋਟਰਸਾਈਕਲਾਂ ਅਤੇ ਕਾਰਾਂ ’ਤੇ ਆਏ। ਹਮਲਾਵਰਾਂ ਨੇ ਆਪਣੇ ਵਾਹਨ ਹੋਟਲ ਤੋਂ ਦੂਰ ਪਾਰਕ ਕੀਤੇ ਅਤੇ ਹੋਟਲ ਰਿਸੈਪਸ਼ਨ ਅਤੇ ਹੋਟਲ ਦੇ ਸਾਰੇ ਕਮਰਿਆਂ ਦੀ ਭੰਨ-ਤੋੜ ਕੀਤੀ। ਹਮਲਾਵਰਾਂ ਨੇ ਹੋਟਲ ਵਿੱਚ ਲੱਗੇ ਉਪਕਰਨਾਂ, ਐਲਈਡੀ, ਫਰਿੱਜ ਅਤੇ ਹੋਰ ਸਾਮਾਨ ਨੂੰ ਵੀ ਭੰਨ ਦਿੱਤਾ। ਉਨ੍ਹਾਂ ਦੱਸਿਆ ਕਿ ਹੋਟਲ ਵਿੱਚ ਠਹਿਰੇ ਲੋਕਾਂ ਦੀ ਵੀ ਕੁੱਟਮਾਰ ਕੀਤੀ ਗਈ। ਪ੍ਰਵੀਨ ਕੁਮਾਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਹਮਲਾਵਰ ਉਸ ਨੂੰ ਹੋਰ ਨੁਕਸਾਨ ਪਹੁੰਚਾ ਸਕਦੇ ਹਨ।
ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਫ਼ਿਲਹਾਲ ਪੁਲੀਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਰਾਤ ਕਰੀਬ 10 ਵਜੇ ਵਾਪਰੀ ਜਦੋਂ ਹਮਲਾਵਰ ਦੋਵੇਂ ਹੋਟਲਾਂ ਵਿੱਚ ਪਹੁੰਚੇ ਅਤੇ ਖਿੜਕੀਆਂ, ਫਰਨੀਚਰ ਅਤੇ ਹੋਰ ਸਾਮਾਨ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ। ਹੋਟਲ ਨਿਊ ਸਟਾਈਲ ਵਿੱਚ ਮੌਜੂਦ ਬਾਊਂਸਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰ ਗਿਣਤੀ ਵਿੱਚ ਵੱਧ ਸਨ ਅਤੇ ਉਨ੍ਹਾਂ ਕੋਲ ਡੰਡੇ ਵੀ ਸਨ।