ਪੱਤਰ ਪ੍ਰੇਰਕ
ਪੰਚਕੂਲਾ, 30 ਅਗਸਤ
ਆਈਏਐਸ ਧਰਮਵੀਰ ਸਿੰਘ ਵੱਲੋਂ ਪੰਚਕੂਲਾ ਨਗਰ ਨਿਗਮ ਕਮਿਸ਼ਨਰ ਦਾ ਅਹੁਦਾ ਛੱਡਣ ਤੋਂ ਬਾਅਦ ਆਈਏਐੱਸ ਵਰਿੰਦਰ ਲਾਠਰ ਨੇ ਇਹ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਆਈ.ਏ.ਐੱਸ ਧਰਮਵੀਰ ਸਿੰਘ ਦਾ ਵਿਦਾਇਗੀ ਸਮਾਗਮ ਕਰਵਾਇਆ ਗਿਆ। ਮੇਅਰ ਕੁਲਭੂਸ਼ਣ ਗੋਇਲ ਨੇ ਧਰਮਵੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੇਅਰ ਸਮੇਤ ਅਧਿਕਾਰੀਆਂ ਅਤੇ ਕੌਂਸਲਰਾਂ ਨੇ ਨਵ-ਨਿਯੁਕਤ ਨਿਗਮ ਕਮਿਸ਼ਨਰ ਵਰਿੰਦਰ ਲਾਠਰ ਦਾ ਵੀ ਸਵਾਗਤ ਕੀਤਾ। ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਕਮਿਸ਼ਨਰ ਵਰਿੰਦਰ ਲਾਠਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮੀਟਿੰਗ ਕਰਕੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਡਿਪਟੀ ਨਿਗਮ ਕਮਿਸ਼ਨਰ ਦੀਪਕ ਸੂਰਾ, ਐੱਸਈ ਵਿਜੇ ਗੋਇਲ, ਸੀਨੀਅਰ ਲੇਖਾ ਅਧਿਕਾਰੀ ਵਿਕਾਸ ਕੌਸ਼ਿਕ, ਚੀਫ ਸੈਨੇਟਰੀ ਇੰਸਪੈਕਟਰ ਅਵਿਨਾਸ਼ ਸਿੰਗਲਾ, ਕੌਂਸਲਰ ਸੋਨੀਆ ਸੂਦ ਆਦਿ ਹਾਜ਼ਰ ਸਨ।