ਬਹਾਦਰਜੀਤ ਸਿੰਘ
ਰੂਪਨਗਰ, 24 ਜੂਨ
ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ (ਆਈਆਈਟੀ) ਰੋਪੜ ਨੇ ਅੱਜ ਇੰਗਲੈਂਡ ਵਿੱਚ ਐਲਾਨੀ ਗਈ ਟਾਈਮਜ਼ ਹਾਇਰ ਐਜ਼ੂਕੇਸ਼ਨ ਯੰਗ ਯੂਨੀਵਰਸਿਟੀ ਰੈਂਕਿੰਗ 2020 ਵਿਚ ਸਰਵੋਤਮ ਭਾਰਤੀ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਆਈਆਈਟੀ, ਰੋਪੜ ਨੇ ਰੈਂਕਿੰਗ ਵਿੱਚ ਵਿਸ਼ਵ ਭਰ ਵਿੱਚ ਪਹਿਲੀਆਂ 70 ਸੰਸਥਾਵਾਂ ਦੀ ਸੂਚੀ ਵਿਚ ਆਪਣੀ ਥਾਂ ਬਣਾਈ ਹੈ ਅਤੇ 62ਵਾਂ ਸਥਾਨ ਪ੍ਰਾਪਤ ਕੀਤਾ ਹੈ। ਆਈਆਈਟੀ ਡਾਇਰੈਕਟਰ ਪ੍ਰੋ. ਸਰਿਤ ਕੁਮਾਰ ਦਾਸ ਨੇ ਰੈਂਕਿੰਗ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੰਸਥਾ ਦੀ ਸਫ਼ਲਤਾ ਪਿੱਛੇ ਇਸ ਦਾ ਅਤਿ ਆਧੁਨਿਕ ਖੋਜ ਬੁਨਿਆਦੀ ਢਾਂਚਾ, ਅਤਿਆਧੁਨਿਕ ਉਪਕਰਣ ਅਤੇ ਉੱਚ ਯੋਗਤਾ ਪ੍ਰਾਪਤ ਸਟਾਫ਼ ਹਨ, ਜੋ ਕਿ ਇਸ ਸੰਸਥਾ ਦੀ ਸਫਲਤਾ ਹਿਤ ਪ੍ਰੇਰਕ ਸ਼ਕਤੀ ਵਜੋਂ ਅਹਿਮ ਰੋਲ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਟਾਫ ਸਰਗਰਮੀ ਨਾਲ ਯੋਗਦਾਨ ਪਾ ਰਿਹਾ ਹੈ।