ਮੁਕੇਸ਼ ਕੁਮਾਰ
ਚੰਡੀਗੜ੍ਹ, 18 ਜੂਨ
ਪ੍ਰਸ਼ਾਸਨ ਦੇ ਵਾਹਨ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ (ਆਰਐਲਏ) ਵੱਲੋਂ ਕੋਵਿਡ-19 ਨੂੰ ਲੈ ਕੇ ਪਿਛਲੇ ਲਗਪਗ ਦੋ ਮਹੀਨੇ ਤੋਂ ਵਾਹਨ ਰਜਿਸਟਰੇਸ਼ਨ ਅਤੇ ਲਾਇਸੈਂਸ ਆਦਿ ਨਾਲ ਸਬੰਧਿਤ ਜਨਤਕ ਸੇਵਾਵਾਂ ਨੂੰ ਅਗਲੇ ਹਫ਼ਤੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਆਰਐਲਏ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਿਤ ਕੁਝ ਜ਼ਰੂਰੀ ਸੇਵਾਵਾਂ ਨੂੰ ਸ਼ੁਰੂ ਕਰ ਦਿੱਤਾ ਸੀ। ਹੁਣ ਆਉਣ ਵਾਲੀ 21 ਤਰੀਕ ਤੋਂ ਵਾਹਨ ਰਜਿਸਟਰੇਸ਼ਨ ਨਾਲ ਸਬੰਧਿਤ ਹੋਰ ਸਾਰੀਆਂ ਸੇਵਾਵਾਂ ਨੂੰ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਤਰਾਂ ਲਾਇਸੈਂਸ ਆਦਿ ਲਈ ਵੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਆਰਐਲਏ ਅਨੁਸਾਰ 21 ਤੋਂ ਵਾਹਨ ਰਜਿਸਟਰੇਸ਼ਨ ਨਾਲ ਸਬੰਧਿਤ ਸਾਰੀਆਂ ਸੇਵਾਵਾਂ ਨੂੰ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ 21 ਜੂਨ ਨੂੰ ਲਰਨਿੰਗ ਡਰਾਈਵਿੰਗ ਆਦਿ ਨੂੰ ਛੱਡ ਕੇ ਬਾਕੀ ਦੀਆਂ ਸਬੰਧਿਤ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ 28 ਜੂਨ ਨੂੰ ਲਰਨਿੰਗ ਲਾਇਸੈਂਸ ਸਣੇ ਪੱਕੇ ਡਰਾਈਵਿੰਗ ਲਾਇਸੈਂਸ ਲਈ ਡਰਾਈਵਿੰਗ ਟੈਸਟ ਵੀ ਸ਼ੁਰੂ ਕੀਤੀ ਜਾ ਰਹੇ ਹਨ। ਆਰਐਲਏ ਅਨੁਸਾਰ ਇਨ੍ਹਾਂ ਸਾਰੀਆਂ ਸੇਵਾਵਾਂ ਲਈ ਨਵੇਂ ਸਿਰੇ ਤੋਂ ਆਨਲਾਈਨ ਸਮਾਂ ਲੈਣਾ ਜ਼ਰੂਰੀ ਹੈ। ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਜਾਂ ਟੌਲਫਰੀ ਨੰਬਰ 1800-180-2067 ’ਤੇ ਸੰਪਰਕ ਕਰ ਕੇ ਸਮਾਂ ਲਿਆ ਜਾ ਸਕਦਾ ਹੈ। ਆਰਐਲਏ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਇੱਕ ਦਿਨ ਪਹਿਲਾਂ ਤੋਂ ਸਮਾਂ ਲੈਣ ਲਈ ਸਾਈਟ ਖੋਲ੍ਹ ਦਿੱਤੀ ਜਾਵੇਗੀ। ਆਰਐਲਏ ਅਧਿਕਾਰੀਆਂ ਅਨੁਸਾਰ ਕੇਵਲ ਸਮਾਂ ਵਾਲਿਆਂ ਨੂੰ ਹੀ ਆਰਐਲਏ ਦਫ਼ਤਰ ਦੇ ਅੰਦਰ ਦਾਖ਼ਲਾ ਦਿੱਤਾ ਜਾਵੇਗਾ। ਇੱਥੇ ਆਉਣ ਵਾਲਿਆਂ ਨੂੰ ਕੋਵਿਡ-19 ਲੈ ਕੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।