ਆਤਿਸ਼ ਗੁਪਤਾ
ਚੰਡੀਗੜ੍ਹ, 12 ਜੁਲਾਈ
ਸਿਟੀ ਬਿਊਟੀਫੁਲ ਵਿੱਚ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਵੱਲੋਂ ਸਖਤੀ ਕਰਦਿਆਂ ਲੋਕਾਂ ਨੂੰ ਕਰਫਿਊ ਅਤੇ ਅਨਲੌਕ-2 ਦੇ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਇਸ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲੀਸ ਨੇ ਕਰਫਿਊ ਦੌਰਾਨ ਘਰੋਂ ਬਾਹਰ ਨਿਕਲਣ ’ਤੇ 7 ਅਤੇ ਘਰ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਨਾ ਕਰਨ ਸਬੰਧੀ 6 ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਕਾਰਵਾਈ ਥਾਣਾ ਸੈਕਟਰ-17 ਦੀ ਪੁਲੀਸ ਨੇ ਕੀਤੀ ਹੈ, ਜਿਨ੍ਹਾਂ ਕਰਫਿਊ ਦੌਰਾਨ ਘਰੋਂ ਬਾਹਰ ਨਿਕਲਣ ਸਬੰਧੀ ਕੁਲਵੰਤ ਸਿੰਘ ਵਾਸੀ ਬਾਪੂ ਧਾਮ ਕਲੋਨੀ ਨੂੰ ਕ੍ਰਿਕਟ ਸਟੇਡੀਅਮ ਚੌਕ ਕੋਲੋਂ, ਥਾਣਾ ਸੈਕਟਰ-26 ਦੀ ਪੁਲੀਸ ਨੇ ਪ੍ਰਦੀਪ ਵਾਸੀ ਬਾਪੂ ਧਾਮ ਕਲੋਨੀ ਨੂੰ ਸੈਕਟਰ-26 ਵਿੱਚੋਂ, ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਪ੍ਰਿੰਸ ਵਾਸੀ ਮੌਲੀ ਜੱਗਰਾਂ ਨੂੰ ਪਿੰਡ ਦੜਵਾਂ ਕੋਲੋਂ, ਨਿਕਸ਼ਾ ਵਾਸੀ ਸੈਕਟਰ-30 ਨੂੰ ਲੇਬਰ ਕੋਰਟ, ਰਾਮ ਬਾਲਕ ਵਾਸੀ ਕਲੋਨੀ ਨੰਬਰ-4 ਨੂੰ ਪੋਲਟਰੀ ਫਾਰਮ ਚੌਕ ਚੰਡੀਗੜ੍ਹ ਅਤੇ ਵਿਸ਼ਾਲ ਵਾਸੀ ਪਿੰਡ ਦੜਵਾ ਨੂੰ ਕਾਬੂ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਮਨੀਮਾਜਰਾ ਦੀ ਪੁਲੀਸ ਨੇ ਕੁਲਵੰਤ ਸਿੰਘ ਵਾਸੀ ਜ਼ੀਰਕਪੁਰ ਨੂੰ ਗੋਬਿੰਦਪੁਰਾ ਮਨੀਮਾਜਰਾ, ਪਰਨਵ ਢੀਂਗਰਾ ਵਾਸੀ ਸੁਭਾਸ਼ ਨਗਰ ਮਨੀਮਾਜਰਾ ਨੂੰ ਬਸ ਸਟੈਂਡ ਮਨੀਮਾਜਰਾ, ਸੁਨੀਲ ਗੁਪਤਾ ਵਾਸੀ ਮੌਲੀ ਜੱਗਰਾ ਨੂੰ ਕਰਫਿਊ ਦੌਰਾਨ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲਣ ’ਤੇ ਕਾਬੂ ਕੀਤਾ ਹੈ।
ਥਾਣਾ ਸੈਕਟਰ-34 ਦੀ ਪੁਲੀਸ ਨੇ ਮਾਸਕ ਦੀ ਵਰਤੋਂ ਨਾ ਕਰਨ ਸਬੰਧੀ ਸੈਕਟਰ-45 ਦੀ ਰੇਹੜੀ ਮਾਰਕੀਟ ਵਿੱਚੋਂ ਮੁਕੇਸ਼ ਕੁਮਾਰ, ਥਾਣਾ ਸੈਕਟਰ-26 ਦੀ ਪੁਲੀਸ ਨੇ ਜੈ ਕ੍ਰਿਸ਼ਨ ਵਾਸੀ ਸੈਕਟਰ-11 ਪੰਚਕੂਲਾ ਨੂੰ ਸੈਕਟਰ-26, ਪ੍ਰਦੀਪ ਵਾਸੀ ਬਾਪੂ ਧਾਮ ਕਲੋਨੀ ਨੂੰ ਬਾਪੂ ਧਾਮ ਕਲੋਨੀ, ਥਾਣਾ ਸੈਕਟਰ-17 ਦੀ ਪੁਲੀਸ ਨੇ ਅਭਿਸ਼ੇਕ ਸਿੰਘ ਵਾਸੀ ਸੈਕਟਰ-24 ਅਤੇ ਥਾਣਾ ਸੈਕਟਰ-11 ਨੇ ਦੀਪਕ ਵਾਸੀ ਸੈਕਟਰ-25 ਨੂੰ ਰੈਲੀ ਗਰਾਉੂਂਡ ਸੈਕਟਰ-25 ਦੇ ਨਜ਼ਦੀਕ ਤੋਂ ਬਿਨਾਂ ਮਾਸਕ ਪਾਏ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਕਈ ਲੋਕਾਂ ਦੇ ਚਲਾਨ ਕੱਟੇ ਹਨ।
ਦੱਸਣਯੋਗ ਹੈ ਕਿ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਡੀਜੀਪੀ ਚੰਡੀਗੜ੍ਹ ਨੂੰ ਆਦੇਸ਼ ਦਿੱਤੇ ਕਿ ਰਾਤ ਨੂੰ 10 ਵਜੇ ਤੋਂ ਬਾਅਦ ਬਿਨਾਂ ਕੰਮ ਤੋਂ ਸੜਕ ’ਤੇ ਫਿਰਨ ਵਾਲਿਆਂ ਦੇ ਵਾਹਨ ਜ਼ਬਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਪਰੀਦਾ ਨੇ ਕਰੋਨਾ ’ਤੇ ਨੱਥ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਦਿਨ ਵਿੱਚ ਮਾਸਕ ਦੀ ਵਰਤੋਂ ਲਾਜ਼ਮੀ ਕਰਨਾ ਅਤੇ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ।