ਨਿਜੀ ਪੱਤਰ ਪ੍ਰੇਰਕ
ਜ਼ੀਰਕਪੁਰ, 25 ਅਗਸਤ
ਭਬਾਤ ਅਧੀਨ ਪੈਂਦੀ ਵਿਕਟੋਰੀਆ ਸਿਟੀ ਵਿਖੇ ਲੰਘੇ ਦਿਨਾਂ ਤੋਂ ਪਾਣੀ ਦੀ ਕਿੱਲਤ ਬਣੀ ਹੋਈ ਹੈ। ਇਸ ਸਮੱਸਿਆ ਤੋਂ ਤੰਗ ਆ ਕੇ ਅੱਜ ਕਲੋਨੀ ਵਾਸੀਆਂ ਨੇ ਨਗਰ ਕੌਂਸਲ ਦਾ ਘਿਰਾਓ ਕਰਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਮੁਜ਼ਹਰਾਕਾਰੀਆਂ ਵਿੱਚ ਔਰਤਾਂ ਦੀ ਤਾਦਾਤ ਵਧ ਸੀ। ਮੁਜ਼ਹਰਾਕਾਰੀਆਂ ਨੇ ਕਰੀਬ ਇਕ ਘੰਟੇ ਕੌਂਸਲ ਦੇ ਗੇਟ ਦੇ ਮੁਹਰੇ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ। ਕੌਂਸਲ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਢੋਟ ਨੇ ਛੇਤੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦੇ ਮੁਜ਼ਹਰਾਕਾਰੀਆਂ ਨੂੰ ਸ਼ਾਂਤ ਕੀਤਾ।
ਇਸ ਬਾਰੇ ਕਲੋਨੀ ਵਾਸੀਆਂ ਨੇ ਦੱਸਿਆ ਕਿ ਕਰੀਬ ਇਕ ਹਫ਼ਤੇ ਤੋਂ ਕਲੋਨੀ ਵਿੱਚ ਪਾਣੀ ਦੀ ਕਿੱਲਤ ਬਣੀ ਹੋਈ ਹੈ। ਅੱਤਿ ਦੀ ਗਰਮੀ ਵਿੱਚ ਉਹ ਪਾਣੀ ਦੀ ਬੂੰਦ ਬੂੰਦ ਤੋਂ ਤਰਸ ਰਹੇ ਹਨ। ਪਾਣੀ ਦੀ ਕਿੱਲਤ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਨਿੱਜ ਪੈਸੇ ਖ਼ਰਚ ਕਰ ਟੈਂਕਰ ਮੰਗਵਾਉਣੇ ਪੈ ਰਹੇ ਹਨ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਲਈ ਵੱਖ ਵੱਖ ਥਾਵਾਂ ’ਤੇ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੰਘੇ ਹਫ਼ਤੇ ਵਿੱਚ ਸਿਰਫ਼ ਇਕ ਵਾਰ ਅੱਧੇ ਘੰਟੇ ਲਈ ਪਾਣੀ ਦੀ ਸਪਲਾਈ ਆਈ ਸੀ ਜੋ ਗੰਧਲਾ ਪਾਣੀ ਸੀ। ਮੁਜ਼ਹਰਾਕਾਰੀਆਂ ਨੇ ਦੱਸਿਆ ਕਿ ਕਲੋਨੀ ਵਸਾਉਣ ਵੇਲੇ ਕਲੋਨਾਈਜ਼ਰ ਵੱਲੋਂ ਇਥੇ ਪਾਣੀ ਦੀ ਪੂਰਤੀ ਕਰਨ ਲਈ ਜਿਹੜਾ ਟਿਊਬਵੈਲ ਲਾਇਆ ਗਿਆ ਸੀ ਉਹ ਹੁਣ ਸਮੇਂ ਨਾਲ ਫੇਲ੍ਹ ਹੋ ਗਿਆ ਹੈ। ਟਿਊਬਵੈੱਲ ਤੋਂ ਕਾਫੀ ਘੱਟ ਤੇ ਗੰਧਲਾ ਪਾਣੀ ਆਉਂਦਾ ਹੈ। ਗੰਧਲੇ ਪਾਣੀ ਨੂੰ ਨਾ ਤਾਂ ਪੀਣ ਲਈ ਤੇ ਨਾ ਹੀ ਹੋਰਨਾਂ ਘਰੇਲੂ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਕੌਂਸਲ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਢੋਟ ਨੇ ਕਿਹਾ ਕਿ ਲੋਕਾਂ ਨੂੰ ਛੇਤੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਜੇ ਲੋੜ ਹੋਈ ਤਾਂ ਨਵਾਂ ਟਿਊਬਵੈੱਲ ਲਾਇਆ ਜਾਏਗਾ।
ਪੀਣ ਵਾਲੇ ਪਾਣੀ ਨੂੰ ਤਰਸੇ ਵਾਰਡ ਨੰਬਰ-2 ਦੇ ਵਾਸੀ
ਲਾਲੜੂ (ਪੱਤਰ ਪ੍ਰੇਰਕ) ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਵਾਰਡ ਨੰਬਰ-2 ਪਿੰਡ ਦੱਪਰ ਵਾਸੀ ਪਿਛਲੇ 8-10 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਬੁੂੰਦ-ਬੁੂੰਦ ਲਈ ਤਰਸ ਰਹੇ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਸ਼ਿਕਾਇਤ ਕਰਨ ਮਗਰੋਂ ਵੀ ਕੌਂਸਲ ਦੇ ਅਧਿਕਾਰੀਆਂ ਨੇ ਸਮੱਸਿਆ ਦਾ ਹੱਲ ਨਹੀਂ ਕੀਤਾ। ਇਸੇ ਰੋਸ ਵਜੋਂ ਅੱਜ ਵਾਰਡ ਵਾਸੀਆਂ ਨੇ ਕੌਂਸਲ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਸਾਬਕਾ ਸਰਪੰਚ ਸਰਦਾਰਾ ਸਿੰਘ, ਸਾਬਕਾ ਐੱਮਸੀ ਬਲਕਾਰ ਸਿੰਘ ਰੰਗੀ, ਅੰਮ੍ਰਿਤ ਕੌਰ ਆਦਿ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਉਨ੍ਹਾਂ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਕੌਂਸਲ ਦੇ ਅਧਿਕਾਰੀਆਂ ਨੁੂੰ ਵੀ ਜਾਣੂ ਕਰਵਾਇਆ ਸੀ ਪਰ ਕਿਸੇ ਨੇ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ। ਵਾਰਡ ਦੇ ਕੌਂਸਲਰ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਦੋ ਟਿਊਬਵੈੱਲ ਲੱਗੇ ਹਨ, ਦੋਵੇਂ ਠੱਪ ਹਨ। ਇਸ ਕਾਰਨ 10-12 ਦਿਨਾਂ ਤੋਂ ਪਾਣੀ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਵਿੱਚ ਸਮੱਸਿਆ ਹੱਲ ਨਾ ਹੋਈ ਤਾਂ ਉਹ ਨਗਰ ਕੌਂਸਲ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਗੇ। ਕੌਂਸਲ ਦੇ ਕਾਰਜਸਾਧਕ ਅਫਸਰ ਰਾਜੇਸ ਸ਼ਰਮਾ ਨੇ ਦੱਸਿਆ ਕਿ ਪਾਣੀ ਦਾ ਪੱਧਰ ਡੂੰਘਾ ਹੋਣ ਕਾਰਨ ਹੋਰ ਪਾਈਪਲਾਈਨ ਪਾਈ ਜਾ ਰਹੀ ਹੈ ਅਤੇ ਦੋ ਦਿਨਾਂ ਵਿੱਚ ਸਮੱਸਿਆ ਹੱਲ ਹੋ ਜਾਵੇਗੀ ਤੇ ਇਸ ਸਮੇਂ ਪਾਣੀ ਦੇ ਟੈਂਕਰਾਂ ਦੀ ਸਪਲਾਈ ਵਿੱਚ ਵੀ ਵਾਧਾ ਕੀਤਾ ਗਿਆ ਹੈ।