ਕਰਮਜੀਤ ਸਿੰਘ ਚਿੱਲਾ
ਬਨੂੜ, 8 ਅਕਤੂਬਰ
ਇੱਥੋਂ ਦੀ ਇੱਕ ਕਲੋਨੀ ਨੂੰ ਕੌਮੀ ਮਾਰਗ ਤੋਂ ਸਿੱਧਾ ਰਾਹ ਨਾਲ ਜੋੜਨ ਲਈ ਅੱਜ ਕੁਝ ਵਿਅਕਤੀਆਂ ਨੇ ਸ਼ਹਿਰ ਦੇ ਪਾਣੀ ਦੇ ਨਿਕਾਸ ਲਈ ਬਣਾਈ ਹੋਈ 25 ਫੁੱਟ ਚੌੜੀ ਚੋਈ ਵਿੱਚ ਪਾਈਪ ਪਾ ਕੇ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ। ਮਾਮਲਾ ਧਿਆਨ ਵਿੱਚ ਆਉਣ ’ਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਕੰਮ ਬੰਦ ਕਰਾ ਦਿੱਤਾ। ਸ਼ਹਿਰ ਵਾਸੀਆਂ ਦੀ ਰਿੱਟ ਪਟੀਸ਼ਨ ਉੱਤੇ ਅਦਾਲਤ ਵੱਲੋਂ ਮਾਲ ਵਿਭਾਗ ਦੇ ਰਿਕਾਰਡ ਵਿੱਚ ਮੌਜੂਦ ਇਸ ਚੋਈ ਨੂੰ ਖੁੱਲ੍ਹਾ ਰੱਖਣ ਦੇ ਨਿਰਦੇਸ਼ ਦਿੱਤੇ ਹੋਏ ਹਨ।
ਅੱਜ ਸਵੇਰੇ ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਚੋਈ ਵਿੱਚ ਦੋ ਵੱਡੇ ਪਾਈਪ ਪਾਏ ਗਏ। ਇਸ ਉੱਤੇ ਹੋਰ ਮਟੀਰੀਅਲ ਪਾ ਕੇ ਇਸ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਮੀਡੀਆ ਨੇ ਇਹ ਮਾਮਲਾ ਨਗਰ ਕੌਂਸਲ ਦੇ ਧਿਆਨ ਵਿੱਚ ਲਿਆ ਦਿੱਤਾ। ਇਸ ਮਗਰੋਂ ਕੰਮ ਬੰਦ ਹੋ ਗਿਆ। ਇਸ ਕਲੋਨੀ ਨੂੰ ਕੌਮੀ ਮਾਰਗ ਦੀ ਥਾਂ ਲਿੰਕ ਸੜਕ ਉੱਤੋਂ ਰਸਤਾ ਲੱਗਦਾ ਹੈ ਤੇ ਕੌਮੀ ਮਾਰਗ ਤੋਂ ਸਿੱਧਾ ਰਸਤਾ ਨਾ ਹੋਣ ਕਾਰਨ ਕਲੋਨੀ ਵਿੱਚ ਸ਼ੋਅਰੂਮਾਂ ਦੇ ਪਲਾਟ ਲੈਣ ਵਾਲਿਆਂ ਦੇ ਪਲਾਟ ਇਵੇਂ ਹੀ ਪਏ ਹਨ। ਇਸ ਚੋਈ ਨੂੰ ਅਦਾਲਤੀ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਨੇ ਪੱਕੀ ਕੀਤਾ ਹੋਇਆ ਹੈ।
ਸ਼ਹਿਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਪਾਈਪ ਪੈਣ ਨਾਲ ਪਾਣੀ ਦੇ ਨਿਕਾਸ ਵਿੱਚ ਅੜਿੱਕਾ ਬਣੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਇੱਥੋਂ ਰਸਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਨਹੀਂ ਮਿਲੀ।
ਸ਼ਹਿਰ ਦੇ ਕਈਂ ਵਸਨੀਕਾਂ ਨੇ ਇੱਥੋਂ ਤੱਕ ਆਖਿਆ ਕਿ ਜੇਕਰ ਨਗਰ ਕੌਂਸਲ ਨੇ ਪਾਏ ਗਏ ਪਾਈਪ ਨਾ ਪੁਟਾਏ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਇਸ ਮਾਮਲੇ ਨੂੰ ਦੁਬਾਰਾ ਫੇਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੈ ਕੇ ਜਾਣਗੇ।
ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ: ਈਓ
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ ਨੇ ਆਖਿਆ ਕਿ ਚੋਈ ਉੱਤੇ ਰਾਹ ਬਣਾਉਣ ਲਈ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਮ ਤੁਰੰਤ ਬੰਦ ਕਰਾ ਦਿੱਤਾ ਗਿਆ ਹੈ ਅਤੇ ਸੋਮਵਾਰ ਨੂੰ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਪੁਲੀਸ ਨੂੰ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਦਾਲਤੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।