ਮੁਕੇਸ਼ ਕੁਮਾਰ
ਚੰਡੀਗੜ੍ਹ, 13 ਜੂਨ
ਲੌਕਡਾਊਨ ਵਿੱਚ ਢਿੱਲ ਮਿਲਣ ਮਗਰੋਂ ਚੰਡੀਗੜ੍ਹ ਦੀਆਂ ਸੜਕਾਂ ਅਤੇ ਮਾਰਕੀਟਾਂ ਦੇ ਵਰਾਡਿਆਂ ’ਤੇ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਵੈਂਡਰ ਮੁੜ ਤੋਂ ਕਾਬਜ਼ ਹੋ ਗਏ ਹਨ। ਇਨ੍ਹਾਂ ਵੈਂਡਰਾਂ ਵਲੋਂ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਦੌਰਾਨ ਨਗਰ ਨਿਗਮ ਦੇ ਐਨਫੋਰਸਮੈਂਟ ਵਿਭਾਗ ਦੀ ਕਥਿਤ ਲਾਪ੍ਰਵਾਹੀ ਵੀ ਸਾਹਮਣੇ ਆਈ ਹੈ। ਕੁੱਝ ਪਿਛਲੇ ਦਿਨ ਅਬੋਹਰ ਸ਼ਹਿਰ ਵਿੱਚ ਛੋਲੇ-ਭਟੂਰੇ ਵੇਚਣ ਵਾਲੇ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ ਤੇ ਗਾਹਕਾਂ ਦੀ ਜਾਨ ਨੂੰ ਵੀ ਵਖ਼ਤ ਪੈ ਗਿਆ ਸੀ। ਇਸੇ ਤਰ੍ਹਾਂ ਪੰਚਕੂਲਾ ਦੇ ਸੈਕਟਰ-2 ਦੀ ਮਾਰਕੀਟ ਵਿੱਚ ਚਾਹ ਵੇਚਣ ਵਾਲੇ ਪਿਓ-ਪੁੱਤਰ ਨੂੰ ਵੀ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਤੇ ਉਸ ਦੀ ਦੁਕਾਨ ਤੋਂ ਚਾਹ ਪੀਣ ਵਾਲਿਆਂ ਲਈ ਵੀ ਖਤਰਾ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਅਜਿਹੇ ਮਾਮਲਿਆਂ ਤੋਂ ਸਬਕ ਲੈ ਕੇ ਵੈਂਡਰਾਂ ’ਤੇ ਨਕੇਲ ਕੱਸਣੀ ਚਾਹੀਦੀ ਹੈ। ਸ਼ਹਿਰ ਦੇ ਦੱਖਣੀ ਇਲਾਕਿਆਂ ਵਿੱਚ ਚਾਹ, ਛੋਲੇ-ਭਟੂਰੇ, ਸਿਗਰਟ ਬੀੜੀ ਤੇ ਪਾਨ ਮਸਾਲਾ ਵੇਚਣ ਵਾਲੇ ਸਮਾਜਿਕ ਦੂਰੀ ਨਿਯਮ ਤੋਂ ਅਣਜਾਣ ਜਾਪਦੇ ਹਨ। ਸੜਕਾਂ ਕੰਢੇ ਦਰਖੱਤਾਂ ਹੇਠ ਬੈਠੇ ਹੇਅਰ ਡਰੈੱਸਰ ਵੀ ਕੋਵਿਡ ਮਾਪਦੰਡਾਂ ਦੀ ਪਾਲਣਾ ਨਹੀਂ ਕਰਦੇ।
ਵੈਂਡਰਾਂ ਖ਼ਿਲਾਫ਼ ਛੇਤੀ ਹੋਵੇਗੀ ਕਾਰਵਾਈ: ਨਿਗਮ ਅਧਿਕਾਰੀ
ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਸਟਾਫ ਕਰੋਨਾ ਨੂੰ ਕਾਬੂ ਹੇਠ ਕਰਨ ਲਈ ਪ੍ਰਸ਼ਾਸਨ ਵਲੋਂ ਲਗਾਈਆਂ ਡਿਊਟੀਆਂ ਨਿਭਾਅ ਰਿਹਾ ਹੈ। ਪ੍ਰਸ਼ਾਸਨ ਨੇ ਕਰੋਨਾ ਦੀ ਰੋਕਥਾਮ ਲਈ ਕੁਆਰਨਟਾਈਨ ਸੈਂਟਰ ਖੋਲ੍ਹੇ ਹਨ ਤੇ ਲੋਕਾਂ ਉੱਤੇ ਨਜ਼ਰ ਰੱਖਣ ਸਮੇਤ ਉਨ੍ਹਾਂ ਦੀ ਦੇਖਭਾਲ ਕਰਨ, ਉਨ੍ਹਾਂ ਦੇ ਘਰ ਤੋਂ ਕੂੜਾ ਚੁੱਕਣ ਅਤੇ ਹੋਰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਉਣ ਲਈ ਮੁਲਾਜ਼ਮਾਂ ਦੀ ਡਿਊਟੀ ਲਗਾਈ ਹੈ। ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਊਲੰਘਣਾ ਕਰਨ ਵਾਲੇ ਵੈਂਡਰਾਂ ਖਿਲਾਫ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ।