ਹਰਜੀਤ ਸਿੰਘ
ਜ਼ੀਰਕਪੁਰ, 16 ਅਕਤੂਬਰ
ਪੁਲੀਸ ਨੇ ਵੀਆਈਪੀ ਰੋਡ ‘ਤੇ ਲੰਘੇ ਸ਼ੁੱਕਰਵਾਰ ਨੂੰ ਗੱਡੀਆਂ ਨੂੰ ਓਵਰਟੇਕ ਕਰਨ ਨੂੰ ਲੈ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਚੌਥੇ ਮੁਲਜ਼ਮ ਗੁਰਲਾਲ ਬਰਾੜ ਉਰਫ਼ ਲਾਲੀ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਥੋਂ ਉਸ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਮੁਲਜ਼ਮ ਨੂੰ ਖਰੜ ਸੀਆਈਏ ਸਟਾਫ਼ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੇ ਪਾਸੇ ਕਤਲ ਦਾ ਮੁੱਖ ਦੋਸ਼ੀ ਹੈਪੀ ਬਰਾੜ ਸਣੇ ਦੋ ਦੋਸ਼ੀ ਹਾਲੇ ਪੁਲੀਸ ਦੀ ਪਹੁੰਚ ਤੋਂ ਬਾਹਰ ਹਨ।
ਜਾਣਕਾਰੀ ਅਨੁਸਾਰ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ‘ਤੇ ਹੈਪੀ ਬਰਾੜ ਸਣੇ ਛੇਂ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ। ਮਾਮਲੇ ’ਚ ਪੁਲੀਸ ਨੇ ਲੜਕੀ ਸਣੇ ਤਿੰਨ ਮੁਲਜ਼ਮਾਂ ਨੂੰ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਸੀ। ਡੀ.ਐਸ.ਪੀ. ਗੁਰਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਵੱਲੋਂ ਮਾਮਲੇ ਦੀ ਮੁੱਖ ਮੁਲਜ਼ਮ ਨਾਲ ਮੌਜੂਦ ਲਾਲ ਬਰਾੜ ਵਾਸੀ ਬਾਂਦਰ ਜਟਾਣਾ ਜ਼ਿਲ੍ਹਾ ਫਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਹੈਪੀ ਬਰਾੜ ਅਤੇ ਉਸਦਾ ਇਕ ਹੋਰ ਸਾਥੀ ਸੋਨੀ ਵਾਸੀ ਕੋਟਕਪੂਰਾ ਫ਼ਰਾਰ ਚਲ ਰਹੇ ਹਨ ਜਿਨ੍ਹਾਂ ਦੀ ਪੁਲੀਸ ਦੀਆਂ ਵੱਖ ਵੱਖ ਟੀਮਾਂ ਭਾਲ ਕਰ ਰਹੀਆਂ ਹਨ।