ਪੱਤਰ ਪ੍ਰੇਰਕ
ਕੁਰਾਲੀ, 9 ਅਗਸਤ
ਨਵ-ਨਿਯੁਕਤ ਸਬ ਡਿਵੀਜ਼ਨ ਇੰਜਨੀਅਰਾਂ ਦੀ ਟੀਮ ਨੇ ਨੇੜਲੇ ਪਿੰਡ ਸਿੰਘਪੁਰਾ ਦਾ ਦੌਰਾ ਕਰਦਿਆਂ ਪਿੰਡ ਵਾਸੀਆਂ ਨੂੰ ਮਿਲ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਦੀ ਟੀਮ ਨੇ ਪਿੰਡ ਦੇ ਜਲਘਰ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਜਲ ਸਪਲਾਈ ਵਿਭਾਗ ਦੇ ਐਕਸੀਅਨ ਰਮਨਪ੍ਰੀਤ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਪਿੰਡ ਦੀ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਇਸ ਜਲ ਘਰ ਤੋਂ ਪਿੰਡ ਵਾਸੀਆਂ ਨੂੰ ਮਿਲ ਰਹੀ 24 ਘੰਟੇ ਨਿਰਵਿਘਨ ਪਾਣੀ ਦੀ ਸਪਲਾਈ ਸਬੰਧੀ ਪ੍ਰਬੰਧ ਦੇਖੇ। ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਤੇ ਸਰਪੰਚ ਸਾਧੂ ਸਿੰਘ ਨੇ ਅਧਿਕਾਰੀਆਂ ਨੂੰ ਪਿੰਡ ਵਿੱਚ ਮਿਲ ਰਹੀਆਂ ਸ਼ਹਿਰਾਂ ਵਰਗੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ। ਅਧਿਕਾਰੀਆਂ ਨੇ ਪਿੰਡ ਦੇ ਪਾਣੀ, ਸੀਵਰੇਜ ਅਤੇ ਸਾਫ਼ ਸਫਾਈ ਆਦਿ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਪਿੰਡਾਂ ਨੂੰ ਵੀ ਅਜਿਹੇ ਪ੍ਰਬੰਧਾਂ ਲਈ ਉਪਰਾਲੇ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਐੱਸਡੀਓ ਸਿਮਰਨ ਕੌਰ, ਹਰਮਨਪ੍ਰੀਤ ਸਿੰਘ, ਜੇਈ ਸੰਜੇ ਕੁਮਾਰ, ਰਤੇਸ਼ ਬਜਾਜ, ਸੀਡੀਐੱਸ ਮੈਡਮ ਰਿੰਪੀ ਹਾਜ਼ਰ ਸਨ।