ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 15 ਦਸੰਬਰ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰ ‘ਪਿੰਡ ਰੁੜਕਾ ਵਿੱਚ ਦਲਿਤ ਪਰਿਵਾਰ ਨੇ ਲਾਇਆ ਭੂ-ਮਾਫੀਆ ’ਤੇ ਸਾਲਾਂ ਪੁਰਾਣੇ ਮਕਾਨ ਅਤੇ ਜ਼ਮੀਨ ਹੜੱਪਨ ਦਾ ਦੋਸ਼’ ਦਾ ਗੰਭੀਰ ਨੋਟਿਸ ਲਿਆ ਅਤੇ ਪਿੰਡ ਸਤਾਬਗੜ੍ਹ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਸਰਪੰਚ ਦੀ ਕੁੱਟਮਾਰ ਕਰਨ ਸਬੰਧੀ ਪ੍ਰਾਪਤ ਹੋਈ ਸ਼ਿਕਾਇਤ ਸਮੇਤ ਦੋਵੇਂ ਕੇਸਾਂ ਦੀ ਮੁੱਢਲੀ ਪੜਤਾਲ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਅੱਜ ਪਿੰਡ ਰੁੜਕਾ ਅਤੇ ਪਿੰਡ ਸਤਾਬਗੜ੍ਹ ਦਾ ਦੌਰਾ ਕੀਤਾ।
ਉਨ੍ਹਾਂ ਦੱਸਿਆ ਕਿ ਗਰੀਬ ਪਰਿਵਾਰ, ਜੋ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ, ਦਾ ਘਰ ਤੋੜ ਦਿੱਤਾ ਗਿਆ ਹੈ। ਜਿਸ ਸਬੰਧੀ ਉਨ੍ਹਾਂ ਜਾਂਚ ਲਈ ਮੁਹਾਲੀ ਦੇ ਐੱਸਪੀ (ਐਚ) ਨੂੰ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੂੰ ਪਿੰਡ ਸਤਾਬਗੜ੍ਹ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਸਰਪੰਚ ਸ੍ਰੀਮਤੀ ਊਸ਼ਾ ਦੇਵੀ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿੱਚ ਉਸ ਨੇ ਲਿਖਿਆ ਕਿ ਪਿੰਡ ਦੇ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਫਿਰਨੀ ਅਤੇ ਸ਼ਾਮਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ ਸਨ ਤੇ ਕਬਜ਼ਾਧਾਰੀਆਂ ਨੇ ਸਰਪੰਚ ਨੂੰ ਫਿਰਨੀ ਉੱਤੇ ਬੁਲਾਇਆ।
ਸਰਪੰਚ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਕੁਝ ਪੰਚਾਇਤ ਮੈਂਬਰਾਂ ਅਤੇ ਹੋਰ ਵਿਅਕਤੀਆਂ ਨਾਲ ਉਹ ਉੱਥੇ ਪਹੁੰਚੀ, ਜਿੱਥੇ ਪਹਿਲਾਂ ਹੀ ਖੜ੍ਹੇ ਕੁੱਝ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਜਾਤੀ ਸੂਚਕ ਸ਼ਬਦ ਬੋਲੇ ਤੇ ਹਮਲਾ ਕੀਤਾ। ਸ਼ਿਕਾਇਤ ਦੀ ਪੜਤਾਲ ਕੀਤੀ ਗਈ ਅਤੇ ਸਬੰਧਤ ਐੱਸਐੱਚਓ ਨੂੰ ਹਦਾਇਤ ਕੀਤੀ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਕਸੂਰਵਾਰ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਜਾਂਚ ਦੌਰਾਨ ਕਸੂਰਵਾਰ ਪਾਏ ਜਾਣ ’ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਐਸਸੀ ਐਕਟ ਦੀ ਧਾਰਾ ਲਗਾ ਕੇ ਜੁਰਮ ਵਿੱਚ ਵਾਧਾ ਕੀਤਾ ਜਾਵੇ।
ਦੋਵੇਂ ਕੇਸਾਂ ਦੀ ਜਾਂਚ 21 ਤੱਕ ਮੁਕੰਮਲ ਕਰਨ ਦੇ ਹੁਕਮ:
ਪਿੰਡ ਰੁੜਕਾ ਅਤੇ ਸਤਾਬਗੜ੍ਹ ਦੇ ਦੋਵੇਂ ਕੇਸਾਂ ਦੀ ਜਾਂਚ 21 ਦਸੰਬਰ ਤੱਕ ਪੂਰਨ ਕਰਕੇ ਜਾਂਚ ਰਿਪੋਰਟ ਕਮਿਸ਼ਨ ਦਫ਼ਤਰ ਵਿੱਚ ਦੇਣ ਦੇ ਆਦੇਸ਼ ਦਿੱਤੇ ਗਏ ਹਨ।