ਆਤਿਸ਼ ਗੁਪਤਾ
ਚੰਡੀਗੜ੍ਹ, 20 ਮਾਰਚ
ਚੰਡੀਗੜ੍ਹ ਗੋਲਫ ਕਲੱਬ ਵਿੱਚ ਪ੍ਰਧਾਨਗੀ ਦੀ ਚੋਣ ਲਈ ਦੋ ਸਾਲਾਂ ਬਾਅਦ ਵੋਟਿੰਗ ਹੋਈ ਹੈ ਜੋ ਦਿਨ ਭਰ ਜਾਰੀ ਰਹੀ ਅਤੇ ਦੇਰ ਸ਼ਾਮ ਤੱਕ ਵੋਟਿੰਗ ਖਤਮ ਹੋਣ ਦੇ ਨਾਲ ਹੀ ਪ੍ਰਧਾਨਗੀ ਦੇ ਤਿੰਨ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਡੱਬੇ ਵਿੱਚ ਬੰਦ ਹੋ ਗਿਆ ਹੈ। ਇਨ੍ਹਾਂ ਵੋਟਾਂ ਦੀ ਗਿਣਤੀ ਸੋਮਵਾਰ ਸਵੇਰੇ ਕੀਤੀ ਜਾਵੇਗੀ ਅਤੇ ਬਾਅਦ ਦੁਪਹਿਰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਚੰਡੀਗੜ੍ਹ ਗੋਲਫ਼ ਕਲੱਬ ਦੀ ਪ੍ਰਧਾਨਗੀ ਲਈ ਸੇਵਾਮੁਕਤ ਮੇਜਰ ਆਰਐੱਸ ਵਿਰਕ (ਲਾਲੀ), ਸੇਵਾਮੁਕਤ ਲੈਫਟੀਨੈਂਟ ਕਰਨਲ ਐੱਚ ਐੱਸ ਚਹਿਲ (ਬੌਬੀ) ਅਤੇ ਐੱਸਪੀਐੱਸ ਘਈ (ਨਿੱਪੀ) ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾ ਰਹੇ ਹਨ ਜਦਕਿ ਕਾਰਜਕਾਰਨੀ ਕਮੇਟੀ ਦੇ 11 ਅਹੁਦਿਆਂ ਲਈ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ।
ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਗੋਲਫ ਕਲੱਬ ਦੀਆਂ ਚੋਣਾਂ ਤੋਂ ਪਹਿਲਾਂ ਸਵੇਰੇ 10.30 ਵਜੇ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿੱਚ ਸਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮਗਰੋਂ ਚੰਡੀਗੜ੍ਹ ਗੋਲਫ ਕਲੱਬ ਦੀ ਕਾਰਜਕਾਰਨੀ ਦੀ ਚੋਣ ਲਈ ਵੋਟਿੰਗ ਸਵੇਰੇ 11.30 ਵਜੇ ਸ਼ੁਰੂ ਹੋ ਕੇ ਬਾਅਦ ਸ਼ਾਮ 4.30 ਤੱਕ ਚੱਲਦੀ ਰਹੀ। ਇਸ ਤੋਂ ਕੁੱਲ 1800 ਵੋਟਰਾਂ ਵਿੱਚੋਂ 1150 ਦੇ ਕਰੀਬ ਵੋਟਰਾਂ ਨੇ ਹੀ ਆਪਣੇ ਵੋਟ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਚੋਣਾਂ ਦੀ ਦੇਖ-ਰੇਖ ਲਈ ਸੇਵਾਮੁਕਤ ਬ੍ਰਿਗੇਡੀਅਰ ਜੇ ਐੱਸ ਫੂਲਕਾ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਅੱਜ ਵੋਟਿੰਗ ਦੌਰਾਨ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕਾਂਗਰਸੀ ਨੇਤਾ ਰਣਦੀਪ ਸਿੰਘ ਸੂਰਜੇਵਾਲਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਮਾਲਵਿੰਦਰ ਸਿੰਘ ਸਣੇ ਵੱਡੀ ਗਿਣਤੀ ਵਿੱਚ ਰਾਜਸੀ ਆਗੂਆਂ, ਵਕੀਲਾਂ, ਸੇਵਾਮੁਕਤ ਸੈਨਾ ਅਧਿਕਾਰੀਆਂ ਅਤੇ ਆਈਏਐੱਸ ਅਧਿਕਾਰੀਆਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਹੈ।
ਕਰੋਨਾ ਕਾਰਨ ਦੋ ਸਾਲਾਂ ਤੋਂ ਨਹੀਂ ਹੋ ਸਕੀ ਸੀ ਵੋਟਿੰਗ
ਕਰੋਨਾ ਕਾਰਨ ਦੋ ਸਾਲਾਂ ਤੋਂ ਚੰਡੀਗੜ੍ਹ ਗੋਲਫ ਕਲੱਬ ਦੀ ਚੋਣ ਨਹੀਂ ਹੋ ਸਕੀ ਹੈ, ਸਾਰਿਆਂ ਵੱਲੋਂ ਸਰਬਸੰਮਤੀ ਨਾਲ ਕਾਰਜਕਾਰਨੀ ਕਮੇਟੀ ਦੀ ਚੋਣ ਕਰ ਲਈ ਜਾਂਦੀ ਹੈ। ਸਾਲ 2019 ਵਿੱਚ ਸਰਬਸੰਮਤੀ ਨਾਲ ਸੰਦੀਪ ਸਿੰਘ ਸੰਧੂ ਅਤੇ ਸਾਲ 2020 ਵਿੱਚ ਰਵੀਬੀਰ ਸਿੰਘ ਗਰੇਵਾਲ ਨੂੰ ਪ੍ਰਧਾਨ ਚੁਣਿਆ ਗਿਆ ਸੀ। ਇਸ ਵਾਰ ਦੋ ਸਾਲਾਂ ਬਾਅਦ ਵੋਟਿੰਗ ਹੋਈ ਹੈ, ਜਿਸ ਦੀ ਗਿਣਤੀ 21 ਮਾਰਚ ਨੂੰ ਹੋਵੇਗੀ।