ਕਰਮਜੀਤ ਸਿੰਘ ਚਿੱਲਾ
ਬਨੂੜ, 1 ਜੂਨ
ਬਨੂੜ ਖੇਤਰ ਵਿੱਚ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਕਈ ਪਿੰਡਾਂ ਵਿੱਚ ਸਾਂਝੇ ਚੋਣ ਬੂਥ ਲਗਾ ਕੇ ਲੋਕਾਂ ਨੇ ਆਪਣੀ ਸਾਂਝੀਵਾਲਤਾ ਦਾ ਪ੍ਰਗਟਾਵਾ ਕੀਤਾ। ਅਕਾਲੀ ਦਲ ਦੇ ਉਮੀਦਵਾਰ ਨਰਿੰਦਰ ਕੁਮਾਰ ਸ਼ਰਮਾ, ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ੍ਹ, ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ, ਅਕਾਲੀ ਦਲ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ, ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਤੇ ‘ਆਪ’ ਦੀ ਵਿਧਾਇਕਾ ਨੀਨਾ ਮਿੱਤਲ ਸਾਰਾ ਦਿਨ ਪਿੰਡਾਂ ਅਤੇ ਸ਼ਹਿਰ ਵਿੱਚ ਆਪਣੇ ਬੂਥਾਂ ਉੱਤੇ ਜਾ ਕੇ ਪਾਰਟੀ ਵਰਕਰਾਂ ਨੂੰ ਉਤਸ਼ਾਹਿਤ ਕਰਦੇ ਰਹੇ।
ਸਵੇਰੇ ਸੱਤ ਵਜੇ ਪੋਲਿੰਗ ਆਰੰਭ ਹੋਣ ਤੋਂ ਪਹਿਲਾਂ ਹੀ ਲੋਕ ਪੋਲਿੰਗ ਬੂਥਾਂ ’ਤੇ ਪੁੱਜਣੇ ਸ਼ੁਰੂ ਹੋ ਗਏ ਸਨ। ਦੁਪਹਿਰ ਵੇਲੇ ਵੋਟਰਾਂ ਦੀ ਗਿਣਤੀ ਘੱਟ ਰਹੀ ਪਰ ਤਿੰਨ ਵਜੇ ਤੋਂ ਬਾਅਦ ਵੋਟਰਾਂ ਨੇ ਫਿਰ ਦੁਬਾਰਾ ਪੂਰੇ ਜੋਸ਼ ਨਾਲ ਵੋਟਾਂ ਪਾਈਆਂ। ਥਾਣਾ ਬਨੂੜ ਦੇ ਇੰਚਾਰਜ ਇੰਸਪੈਕਟਰ ਸਿਮਰਜੀਤ ਸਿੰਘ ਸ਼ੇਰ ਗਿੱਲ ਦੀ ਅਗਵਾਈ ਹੇਠ ਸਾਰਾ ਦਿਨ ਪੁਲੀਸ ਗਸ਼ਤ ਕਰਦੀ ਰਹੀ। ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਕੁਰੜਾ ਵਿੱਚ ‘ਆਪ’ ਅਤੇ ਕਾਂਗਰਸ ਸਮਰਥਕਾਂ ਦਰਮਿਆਨ ਮਾਮੂਲੀ ਝਗੜਾ ਹੋਇਆ। ਬਨੂੜ ਖੇਤਰ ਵਿੱਚ ਪਿੰਡ ਕਨੌੜ ਵਿੱਚ ਸਭ ਤੋਂ ਵੱਧ 82 ਫ਼ੀਸਦੀ ਵੋਟਾਂ ਪਈਆਂ। ਬਨੂੜ ਸ਼ਹਿਰ ਦੇ 14 ਬੂਥਾਂ ਉੱਤੇ 63.87 ਫ਼ੀਸਦੀ) ਵੋਟਾਂ ਪਈਆਂ।
ਮਾਣਕਪੁਰ ਕੱਲਰ ਵਾਸੀਆਂ ਨੇ ਇਸ ਵਾਰ ਵੀ ਇੱਕੋ ਬੂਥ ਲਾਇਆ
ਪਿੰਡ ਮਾਣਕਪੁਰ ਕੱਲਰ ਦੇ ਵਸਨੀਕਾਂ ਵੱਲੋਂ ਬਿਨਾਂ ਕਿਸੇ ਪਾਰਟੀ ਦਾ ਬੈਨਰ ਅਤੇ ਝੰਡਾ ਲਗਾਏ ਜਾਣ ਤੋਂ ਇੱਕ ਪੋਲਿੰਗ ਬੂਥ ਲਗਾਉਣ ਦੀ ਚੱਲ ਰਹੀ ਪ੍ਰੰਪਰਾ ਬਹਾਲ ਰੱਖੀ ਗਈ। ਸਰਪੰਚ ਕਰਮ ਸਿੰਘ ਅਤੇ ਕਿਸਾਨ ਆਗੂ ਟਹਿਲ ਸਿੰਘ ਨੇ ਦੱਸਿਆ ਕਿ ਸਾਰੀਆਂ ਪਾਰਟੀਆਂ ਦੇ ਕਾਰਕੁਨਾਂ ਨੇ ਅੱਜ ਵੀ ਪਿੰਡ ਵਿੱਚ ਇੱਕੋ ਪੋਲਿੰਗ ਬੂਥ ਲਗਾਇਆ ਸੀ।