ਹਰਜੀਤ ਸਿੰਘ
ਜ਼ੀਰਕਪੁਰ, 30 ਮਾਰਚ
ਇਥੋਂ ਦੀ ਪਟਿਆਲਾ ਰੋਡ ’ਤੇ ਲੰਘੇ ਦਿਨ ਪਿੰਡ ਰਾਮਪੁਰ ਕਲਾਂ ਨੇੜੇ ਉਸਾਰੀ ਅਧੀਨ ਵੇਅਰਹਾਊਸ ਦਾ ਸ਼ੈੱਡ ਡਿੱਗਣ ਕਾਰਨ ਦੋ ਮਜ਼ਦੂਰ ਔਰਤਾਂ ਦੀ ਮੌਤ ਅਤੇ 13 ਜਣੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਕੇਸ ਨੂੰ ਬੰਦ ਕਰ ਦਿੱਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਨਹੀਂ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਇਹ ਵੇਅਰਹਾਊਸ ਪਟਿਆਲਾ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦੇ ਭਰਾ ਗੁਰਜੀਤ ਸਿੰਘ ਕੋਹਲੀ ਦੀ ਜ਼ਮੀਨ ਵਿੱਚ ਤਿਆਰ ਕੀਤਾ ਜਾ ਰਿਹਾ ਸੀ। ਇਸ ਸਬੰਧੀ ਗੱਲ ਕਰਨ ’ਤੇ ਗੁਰਜੀਤ ਸਿੰਘ ਕੋਹਲੀ ਨੇ ਮੰਨਿਆ ਕਿ ਇਹ ਜ਼ਮੀਨ ਉਸ ਦੀ ਹੈ ਜਿਸ ਨੂੰ ਉਸ ਨੇ ਅਸਾਮ ਦੀ ਇਕ ਕੰਪਨੀ ਨੂੰ ਲੀਜ਼ ’ਤੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵੇਅਰਹਾਊਸ ਦੀ ਉਸਾਰੀ ਕਰਨ ਵਿੱਚ ਉਸ ਦਾ ਕੋਈ ਰੋਲ ਨਹੀਂ ਹੈ। ਦੂਜੇ ਪਾਸੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਸ ਦੇ ਭਰਾ ਦੇ ਕਾਰੋਬਾਰ ਵਿੱਚ ਉਸ ਦਾ ਕੋਈ ਰੋਲ ਨਹੀਂ ਹੈ।
ਗੱਲ ਕਰਨ ’ਤੇ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਬਿਆਨ ਵਿੱਚ ਕਿਸੇ ਨੂੰ ਇਸ ਹਾਦਸੇ ਲਈ ਦੋਸ਼ੀ ਨਹੀਂ ਦੱਸਿਆ ਗਿਆ ਹੈ ਜਿਸ ਮੁਤਾਬਕ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।
ਹਾਦਸੇ ਦੀ ਜਾਂਚ ਲਈ ਕਮੇਟੀ ਬਣਾਈ: ਡੀ.ਸੀ. ਮੁਹਾਲੀ ਈਸ਼ਾ ਕਾਲੀਆ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਲਈ ਐੱਸ.ਡੀ.ਐੱਮ. ਮੁਹਾਲੀ ਦੀ ਅਗਵਾਈ ਹੇਠ ਕਮੇਟੀ ਕਾਇਮ ਕੀਤੀ ਹੈ ਜੋ ਆਉਣ ਵਾਲੇ ਹਫ਼ਤੇ ਵਿੱਚ ਆਪਣੀ ਰਿਪੋਰਟ ਦੇਵੇਗੀ ਜਿਸ ਮਗਰੋਂ ਕਾਰਵਾਈ ਕੀਤੀ ਜਾਏਗੀ।
ਕਰੰਟ ਲੱਗਣ ਕਾਰਨ ਫੈਕਟਰੀ ਕਾਮੇ ਦੀ ਮੌਤ
ਲਾਲੜੂ (ਸਰਬਜੀਤ ਭੱਟੀ): ਨਜ਼ਦੀਕੀ ਪਿੰਡ ਘੋਲੂਮਾਜਰਾ ਨੇੜੇ ਫੈਕਟਰੀ ਵਿੱਚ ਮਸ਼ੀਨ ’ਤੇ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ 34 ਸਾਲਾਂ ਦੇ ਵਰਕਰ ਦੀ ਮੌਤ ਹੋ ਗਈ। ਉਸ ਦੀ ਸ਼ਨਾਖਤ ਮੁਕੇਸ਼ ਕੁਮਾਰ ਪੁੱਤਰ ਸੂਬੇਦਾਰ ਗੋਤਮ ਵਾਸੀ ਪ੍ਰਤਾਪਗੜ੍ਹ (ਯੂਪੀ) ਵਜੋਂ ਹੋਈ ਹੈ। ਲੈਹਲੀ ਪੁਲੀਸ ਚੌਕੀ ਅਨੁਸਾਰ ਪਿੰਡ ਘੋਲੂਮਾਜਰਾ ਨੇੜਲੀ ਕੰਪਨੀ ਵਿੱਚ ਮੁਕੇਸ਼ ਕੁਮਾਰ ਪਿਛਲੇ 10 ਦਿਨਾਂ ਤੋਂ ਕੰਮ ਕਰ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਕੰਪਨੀ ਦੀ ਮਸ਼ੀਨ ਵਿੱਚ ਅਚਾਨਕ ਕਰੰਟ ਆ ਗਿਆ ਜਿਸ ਕਾਰਨ ਮੁਕੇਸ਼ ਕੁਮਾਰ ਨੂੰ ਜ਼ੋਰਦਾਰ ਝਟਕਾ ਲੱਗਾ। ਉਸ ਨੂੰ ਤੁਰੰਤ ਨੇੜਲੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੁਕੇਸ਼ ਕੁਮਾਰ ਦਾ ਭਰਾ ਪੁਨੀਤ ਵੀ ਇਸੇ ਕੰਪਨੀ ਵਿੱਚ ਕੰਮ ਕਰਦਾ ਹੈ। ਪੁਲੀਸ ਨੇ ਮੁਕੇਸ਼ ਕੁਮਾਰ ਦੇ ਪਿਤਾ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।