ਆਤਿਸ਼ ਗੁਪਤਾ
ਚੰਡੀਗੜ੍ਹ, 15 ਮਈ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਝੁੱਗੀਆਂ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਜਾਰੀ ਹੈ। ਪ੍ਰਸ਼ਾਸਨ ਸ਼ਹਿਰ ਵਿੱਚ ਨਾਜਾਇਜ਼ ਕਲੋਨੀਆਂ ਨੂੰ ਹਟਾਉਣ ਦੀ ਕਾਰਵਾਈ ਕਰ ਰਿਹਾ ਹੈ ਅਤੇ ਪਿੰਡਾਂ ਵਿੱਚ ਲਾਲ ਡੋਰੇ ਤੋਂ ਬਾਹਰ ਸਰਕਾਰੀ ਜ਼ਮੀਨਾਂ ’ਤੇ ਕੀਤੇ ਗਏ ਨਾਜ਼ਾਇਜ ਕਬਜ਼ੇ ਵੀ ਖਾਲੀ ਕਰਵਾਏ ਜਾ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਪਿੰਡਾਂ ਵਿੱਚ ਪੈਰੀਫੇਰੀ ਤੋਂ ਬਾਹਰ ਸਰਕਾਰੀ ਜ਼ਮੀਨਾਂ ’ਤੇ ਮਕਾਨ ਉਸਾਰਨ ਵਾਲੇ ਲੋਕਾਂ ’ਤੇ ਵੀ ਬੇਘਰ ਹੋਣ ਦੀ ਤਲਵਾਰ ਲਟਕ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਪੰਜਾਬ ਨਿਊ ਕੈਪੀਟਲ ਪੈਰੀਫੇਰੀ ਕੰਟਰੋਲ ਐਕਟ 1952 ਦੀ ਉਲੰਘਣਾ ਕਰਨ ਸਬੰਧੀ ਸੈਕਟਰ 38 ਦੇ ਨਾਲ ਲੱਗਦੇ ਪਿੰਡ ਸ਼ਾਹਪੁਰ ਅਤੇ ਮਲੋਆ ਵਿੱਚ ਜ਼ਮੀਨ ਖਾਲੀ ਕਰਨ ਲਈ ਬੋਰਡ ਲਗਾ ਦਿੱਤੇ ਹਨ। ਦੋਵਾਂ ਥਾਵਾਂ ’ਤੇ ਬੋਰਡ ਲੱਗਣ ਤੋਂ ਬਾਅਦ ਉੱਥੇ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਟੀ ਪ੍ਰਸ਼ਾਸਨ ਹਰ ਐਤਵਾਰ ਨੂੰ ਸ਼ਹਿਰ ਦੇ ਇਕ ਹਿੱਸੇ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸੇ ਦੌਰਾਨ ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿੱਤਾ ਮਿਤਰਾ ਨੇ ਵੀ ਇੰਜਨੀਅਰਿੰਗ ਅਤੇ ਬੀਐਂਡਆਰ ਵਿਭਾਗ ਨੂੰ ਪਿੰਡਾਂ ਵਿੱਚ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਪਹਿਲਾਂ ਇੰਡਸਟਰੀਅਲ ਏਰੀਆ ਸਥਿਤ ਕਲੋਨੀ ਨੰਬਰ 4 ਨੂੰ ਖਾਲੀ ਕਰਵਾਉਣ ਲਈ 2500 ਝੁੱਗੀਆਂ ਨੂੰ ਢਾਹ ਦਿੱਤਾ ਸੀ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਮਲੋਆ ਵਿੱਚ ਕਿਰਾਏ ’ਤੇ ਫਲੈਟ ਦਿੱਤੇ ਗਏ ਸਨ ਪਰ ਹਾਲੇ ਵੀ ਕੁਝ ਲੋਕ ਫਲੈਟ ਨਾ ਮਿਲਣ ਦੇ ਦੋਸ਼ ਲਗਾ ਰਹੇ ਹਨ। ਉਸ ਤੋਂ ਬਾਅਦ ਸੈਕਟਰ 25 ਸਥਿਤ ਜਨਤਾ ਕਲੋਨੀ ਨੂੰ ਢਾਹੁਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਕਾਰਵਾਈ ’ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ। ਹੁਣ ਯੂਟੀ ਪ੍ਰਸ਼ਾਸਨ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰੇਗਾ।
ਇਸ ਤੋਂ ਪਹਿਲਾ ਵੀ ਯੂਟੀ ਪ੍ਰਸ਼ਾਸਨ ਨੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਕਲੋਨੀ ਨੰਬਰ 5 ਨੂੰ ਢਾਹ ਦਿੱਤਾ ਸੀ ਅਤੇ ਸੈਕਟਰ 52 ਦੀ ਟੀਨ ਕਲੋਨੀ ’ਤੇ ਬੁਲਡੋਜ਼ਰ ਚਲਾਇਆ ਗਿਆ ਸੀ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਸਾਰੰਗਪੁਰ ਵਿੱਚ ਸਥਿਤ ਮਾਰਬਲ ਮਾਰਕੀਟ ਵਿੱਚ ਨਾਜ਼ਾਇਜ਼ ਉਸਾਰੀਆਂ ਗਈਆਂ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਸੀ। ਪ੍ਰਸ਼ਾਸਨ ਦੀ ਕਾਰਵਾਈ ਤੋਂ ਸਪਸ਼ਟ ਹੁੰਦਾ ਹੈ ਕਿ ਯੂਟੀ ਪ੍ਰਸ਼ਾਸਨ ਸ਼ਹਿਰ ਵਿਚਲੀ ਸਰਕਾਰੀ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਝੁੱਗੀਆਂ ਹਟਾ ਕੇ ਸਿਟੀ ਬਿਊਟੀਫੁੱਲ ਨੂੰ ਸਲਮ-ਮੁਕਤ ਕੀਤਾ ਜਾ ਰਿਹਾ ਹੈ।
ਉਜਾੜੇ ਗਏ ਲੋਕਾਂ ਨੇ ਜ਼ੀਰਕਪੁਰ ਵੱਲ ਕੀਤਾ ਰੁਖ਼
ਜ਼ੀਰਕਪੁਰ (ਹਰਜੀਤ ਸਿੰਘ): ਇਥੋਂ ਦੇ ਫਲਾਈਓਵਰ ਹੇਠਾਂ ਪਰਵਾਸੀ ਲੋਕਾਂ ਨੇ ਪਰਿਵਾਰਾਂ ਸਣੇ ਡੇਰੇ ਲਗਾ ਲਏ ਹਨ। ਲੰਘੇ ਦਿਨੀਂ ਚੰਡੀਗੜ੍ਹ ਵਿੱਚ ਨਾਜਾਇਜ਼ ਕਲੋਨੀਆਂ ਨੂੰ ਖਾਲੀ ਕਰਵਾਉਣ ਮਗਰੋਂ ਬੇਘਰ ਹੋਏ ਪਰਵਾਸੀਆਂ ਨੇ ਜ਼ੀਰਕਪੁਰ, ਡੇਰਾਬੱਸੀ ਅਤੇ ਹੋਰਨਾਂ ਥਾਵਾਂ ’ਤੇ ਆਰਜ਼ੀ ਬਸੇਰੇ ਬਣਾ ਲਏ ਹਨ। ਲੰਘੇ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਕਾਰਨ ਇਥੇ ਫਲਾਈਓਵਰ ਹੇਠਾਂ ਕਈ ਪਰਵਾਸੀ ਪਰਿਵਾਰਾਂ ਨੇ ਸ਼ਰਨ ਲਈ ਹੈ। ਪਹਿਲਾਂ ਤਾਂ ਇਹ ਲੋਕ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਝੁੱਗੀਆਂ-ਝੋਪੜੀਆਂ ਬਣਾ ਕੇ ਰਹਿੰਦੇ ਸਨ ਪਰ ਹੁਣ ਇਹ ਲੋਕ ਫਲਾਈਓਵਰ ਹੇਠਾਂ ਰਹਿ ਰਹੇ ਹਨ। ਇਸ ਨਾਲ ਜਿਥੇ ਆਵਾਜਾਈ ਵਿੱਚ ਅੜਿੱਕਾ ਪੈਦਾ ਹੋ ਰਿਹਾ ਹੈ, ਉਥੇ ਫਲਾਈਓਵਰ ਦੇ ਹੇਠਾਂ ਗੰਦਗੀ ਜਮ੍ਹਾਂ ਹੋਣ ਲੱਗ ਗਈ ਹੈ। ਇਨ੍ਹਾਂ ਪਰਵਾਸੀ ਲੋਕਾਂ ਦੇ ਬੱਚੇ ਅਚਾਨਕ ਖੇਡਦੇ ਹੋਏ ਸੜਕ ’ਤੇ ਵਾਹਨਾਂ ਦੇ ਅੱਗੇ ਆ ਜਾਂਦੇ ਹਨ ਜਿਸ ਕਾਰਨ ਹਰ ਵੇਲੇ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਫਲਾਈਓਵਰ ਦੇ ਹੇਠਾਂ ਪਾਣੀ ਦੀ ਨਿਕਾਸੀ ਲਈ ਉਸਾਰੀ ਗਈ ਨਾਲੀ ਵਿੱਚ ਵੀ ਗੰਦਗੀ ਜਮ੍ਹਾਂ ਹੋ ਗਈ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸਮੱਸਿਆ ਵੱਲ ਸ਼ੁਰੂਆਤੀ ਦੌਰ ਵਿੱਚ ਹੀ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਸਮੇਂ ਨਾਲ ਇਹ ਲੋਕ ਇਥੇ ਪੱਕੇ ਡੇਰੇ ਲਾ ਲੈਣਗੇ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਪਰਿਵਾਰਾਂ ਦੇ ਵਸਣ ਲਈ ਪੱਕੇ ਤੌਰ ’ਤੇ ਪ੍ਰਬੰਧ ਕੀਤੇ ਜਾਣ।
ਪਰਵਾਸੀਆਂ ਦੀ ਰਿਹਾਇਸ਼ ਲਈ ਪ੍ਰਬੰਧ ਕੀਤਾ ਜਾਵੇਗਾ: ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਫਲਾਈਓਵਰ ਦੇ ਹੇਠਾਂ ਖਾਲੀ ਥਾਂ ’ਤੇ ਵਸੇ ਪਰਵਾਸੀਆਂ ਨੂੰ ਹਟਾਇਆ ਜਾਏਗਾ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਇਨ੍ਹਾਂ ਦੇ ਰਹਿਣ ਲਈ ਪ੍ਰਬੰਧ ਕਰਨ ਦੀ ਯੋਜਨਾ ’ਤੇ ਕੰਮ ਕੀਤਾ ਜਾਏਗਾ।