ਕਰਮਜੀਤ ਸਿੰਘ ਚਿੱਲਾ
ਬਨੂੜ, 30 ਮਈ
ਸਥਾਨਕ ਅਨਾਜ ਮੰਡੀ ਅਤੇ ਗੁਦਾਮਾਂ ਨੇੜੇ ਪੈਂਦੀਆਂ ਕਲੋਨੀਆਂ ਦੇ ਵਸਨੀਕ ਸੁੱਸਰੀ ਤੋਂ ਪ੍ਰੇਸ਼ਾਨ ਹਨ। ਹਵਾ ਵਿੱਚ ਉੱਡ ਕੇ ਵੱਡੀ ਗਿਣਤੀ ’ਚ ਸੁੱਸਰੀ ਲੋਕਾਂ ਦੇ ਘਰਾਂ ਵਿੱਚ ਪਹੁੰਚ ਰਹੀ ਹੈ। ਸ਼ਹਿਰੀਆਂ ਨੇ ਅੱਜ ਐਫ਼ਸੀਆਈ ਗੁਦਾਮ ਦੇ ਇੰਚਾਰਜ ਨੂੰ ਮੰਗ ਪੱਤਰ ਦੇ ਕੇ ਸੁੱਸਰੀ ਦੀ ਰੋਕਥਾਮ ਦੀ ਮੰਗ ਕੀਤੀ। ਉਨ੍ਹਾਂ ਡਿਪਟੀ ਕਮਿਸ਼ਨਰ ਮੁਹਾਲੀ ਤੋਂ ਸੁੱਸਰੀ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ। ਅਜਿਹਾ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ।
ਸ਼ਹਿਰ ਦੇ ਵਾਰਡ ਨੰਬਰ-12, ਬਾਂਡਿਆਂ ਬਸੀ, ਗੁਰੂ ਨਾਨਕ ਕਲੋਨੀ, ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਤੇ ਬਾਜ਼ੀਗਰ ਬਸਤੀ ਦੇ ਵਸਨੀਕਾਂ ਪ੍ਰੇਮ ਸਿੰਘ ਘੜਾਮਾਂ, ਦਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ, ਜਸਪਾਲ ਸਿੰਘ, ਰਣਧੀਰ ਸਿੰਘ, ਜਤਿੰਦਰ ਸਿੰਘ, ਕਰਤਾਰ ਸਿੰਘ ਆਦਿ ਨੇ ਦੱਸਿਆ ਕਿ ਐਫ਼ਸੀਆਈ ਤੇ ਮਾਰਕਫੈੱਡ ਦੇ ਗੁਦਾਮਾਂ ਤੋਂ ਇਲਾਵਾ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਮੰਡੀ ਵਿੱਚ ਜਾਂ ਇਸ ਦੇ ਨੇੜੇ-ਤੇੜੇ ਕਣਕ ਸਟੋਰ ਕਰਦੀਆਂ ਹਨ। ਬਰਸਾਤ ਆਰੰਭ ਹੁੰਦਿਆਂ ਹੀ ਸੁੱਸਰੀ ਪੈਦਾ ਹੋ ਜਾਂਦੀ ਹੈ। ਇਸ ਕਾਰਨ ਨੇੜਲੇ ਘਰਾਂ ਦੇ ਲੋਕਾਂ ਨੂੰ ਰੋਟੀ ਖਾਣੀ ਵੀ ਔਖੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੁਦਾਮ ਤੇ ਮੰਡੀ ਆਬਾਦੀ ਵਿੱਚ ਸਥਿਤ ਹਨ।
ਸੁਸਰੀ ਗੁਦਾਮਾਂ ਦੀ ਨਹੀਂ: ਗੁਦਾਮ ਇੰਚਾਰਜ
ਐਫਸੀਆਈ ਦੇ ਗੁਦਾਮ ਇੰਚਾਰਜ ਪਾਵਨ ਦੇ ਦੱਸਿਆ ਕਿ ਉਨ੍ਹਾਂ ਦੇ ਗੁਦਾਮ ਚੁਫੇਰਿਓਂ ਬੰਦ ਹਨ ਤੇ ਸੁੱਸਰੀ ਸਣੇ ਹੋਰ ਕੀੜੇ ਪੈਦਾ ਨਾ ਹੋਣ ਦਾ ਪੱਕਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਸੁੱਸਰੀ ਕਿਸੇ ਹੋਰ ਪਾਸਿਓਂ ਜਾ ਰਹੀ ਹੋਵੇਗੀ, ਕਿਉਂਕਿ ਗੁਦਾਮਾਂ ਵਿੱਚ ਸੁੱਸਰੀ ਨਹੀਂ ਹੈ।