ਹਰਜੀਤ ਸਿੰਘ
ਜ਼ੀਰਕਪੁਰ, 25 ਜੂਨ
ਜ਼ੀਰਕਪੁਰ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਉੱਪਰ ਚੁੱਕਣ ਲਈ ਨਗਰ ਕੌਂਸਲ ਵੱਲੋਂ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਮੀਂਹ ਦੇ ਪਾਣੀ ਨੂੰ ਸਿੱਧਾ ਧਰਤੀ ਵਿੱਚ ਸੁੱਟਣ ਲਈ ਹਾਰਵੈਸਟਿੰਗ ਸਿਸਟਮ ਲਾਉਣ ਦੀ ਯੋਜਨਾ ਉਸਾਰੀ ਗਈ ਹੈ। ਕੌਂਸਲ ਵੱਲੋਂ ਸ਼ਹਿਰ ਵਿੱਚ 24 ਹਾਰਵੈਸਟਿੰਗ ਸਿਸਟਮ ਲਾਏ ਜਾਣਗੇ। ਇਸਦੀ ਸਫ਼ਲਤਾ ਨੂੰ ਦੇਖਦਿਆਂ ਹੋਏ ਭਵਿੱਖ ਵਿੱਚ ਇਨ੍ਹਾਂ ਦੀ ਗਿਣਤੀ ਹੋਰ ਵਧਾਈ ਜਾਏਗੀ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਧਰਤੀ ਦੇ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ, ਜਿਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ।
ਲੰਮੇ ਸਮੇਂ ਤੋਂ ਬੁੱਧੀਜੀਵੀ ਵਰਗ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਰ ਸਾਲ ਪੈਣ ਵਾਲੇ ਮੀਂਹ ਦੇ ਪਾਣੀ ਦੀ ਸੰਭਾਲ ਨਾ ਹੋਣ ਕਾਰਨ ਲੱਖਾਂ ਲੀਟਰ ਪਾਣੀ ਨਦੀ ਨਾਲਿਆਂ ਵਿੱਚ ਨਿਕਾਸ ਹੋ ਕੇ ਬਰਬਾਦ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਹਰ ਸਾਲ ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚ ਪਾਣੀ ਭਰ ਜਾਂਦਾ ਹੈ। ਨਗਰ ਕੌਂਸਲ ਵੱਲੋਂ ਪਹਿਲਾਂ ਵੀ ਸ਼ਹਿਰ ਵਿੱਚ ਕੁਝ ਥਾਵਾਂ ’ਤੇ ਹਾਰਵੈਸਟਿੰਗ ਸਿਸਟਮ ਲਾਏ ਹੋਏ ਹਨ ਪਰ ਉਨ੍ਹਾਂ ਦੀ ਨਿਯਮਤ ਸਰਵਿਸ ਨਾ ਹੋਣ ਕਾਰਨ ਉਹ ਜਾਮ ਹੋਏ ਪਏ ਹਨ। ਸ਼ਹਿਰ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਨਗਰ ਕੌਂਸਲ ਸ਼ਹਿਰ ਵਿੱਚ ਪੁਰਾਣੇ ਹਾਰਵੈਸਟਿੰਗ ਦੀ ਸਰਵਿਸ ਕਰਨ ਅਤੇ ਨਵੇਂ ਹਾਰਵੇਸਟਿੰਗ ਸਿਸਟਮ ਲਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮੰਗ ਨੂੰ ਦੇਖਦਿਆਂ ਹੁਣ ਕੌਂਸਲ ਵੱਲੋਂ ਸ਼ਹਿਰ ਦੀ ਵੱਖ ਵੱਖ ਕਲੋਨੀਆਂ ਵਿੱਚ ਪਹਿਲੇ ਪੜਾਅ ਹੇਠ ਲੱਖਾਂ ਰੁਪਏ ਖਰਚ ਕਰ ਕੇ 24 ਹਾਰਵੈਸਟਿੰਗ ਸਿਸਟਮ ਸਥਾਪਤ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ। ਕੌਂਸਲ ਤੋਂ ਮਿਲੀ ਜਾਣਕਾਰੀ ਅਨੁਸਾਰ ਚਾਰ ਬਲਟਾਣਾ ਦੀ ਗੋਬਿੰਦ ਵਿਹਾਰ, ਚਾਰ ਦਸਮੇਸ਼ ਕਲੋਨੀ ਪਟਿਆਲਾ ਰੋਡ, ਦੋ ਅਕਾਲੀ ਕੌਰ ਸਿੰਘ ਕਲੋਨੀ, ਦੋ ਸ਼ਿਵਾਲਿਕ ਵਿਹਾਰ, ਢਕੋਲੀ ਖੇਤਰ ਦੀ ਗੁਰਜੀਵਨ ਵਿਹਾਰ, ਦੋ ਡ੍ਰੀਮ ਹੋਮ ਵਿੱਚ ਲਾਏ ਜਾਣਗੇ।
ਸਿਸਟਮਾਂ ਦੀ ਗਿਣਤੀ ਵਧਾਈ ਜਾਵੇਗੀ: ਐੱਸਡੀਓ
ਨਗਰ ਕੌਂਸਲ ਦੇ ਐੱਸਡੀਓ ਦਮਨ ਦਵਿੰਦਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਕਲੋਨੀਆਂ ’ਚ ਲਾਉਣ ਦੀ ਯੋਜਨਾ ਬਣਾਈ ਗਈ ਹੈ, ਜਿਥੇ ਪਾਣੀ ਦੀ ਵੱਧ ਮਾਰ ਹੈ। ਇਸ ਤੋਂ ਇਲਾਵਾ ਜਿਹੜੀ ਕਲੋਨੀਆਂ ਦੀ ਗਲੀਆਂ ਵਿੱਚ ਪਾਣੀ ਵਿੱਚ ਨਿਕਾਸੀ ਨਹੀਂ ਮਿਲਦੀ ਉਥੇ ਸਥਾਪਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਇਨ੍ਹਾਂ ਦੀ ਗਿਣਤੀ ਹੋਰ ਵਧਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਨਿਯਮਿਤ ਸਰਵਿਸ ਕਰਵਾਈ ਜਾਵੇਗੀ ਤਾਂ ਜੋ ਧਰਤੀ ਹੇਠਾਂ ਪਾਣੀ ਉੱਤਰਦਾ ਰਹੇ।