ਆਤਿਸ਼ ਗੁਪਤਾ
ਚੰਡੀਗੜ੍ਹ, 9 ਅਗਸਤ
ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਇਕ ਹਫ਼ਤੇ ਤੋਂ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਲਗਾਤਾਰ ਵਧਦਾ ਦੇਖ ਕੇ ਯੂਟੀ ਪ੍ਰਸ਼ਾਸਨ ਨੇ ਅੱਜ ਖ਼ਤਰੇ ਦੇ ਨਿਸ਼ਾਨ ਤੋਂ 6 ਇੰਚ ਪਹਿਲਾਂ ਹੀ ਰੈਗੂਲੇਟਰੀ ਐਂਡ ’ਤੇ ਸਥਿਤ ਸੁਖਨਾ ਝੀਲ ਦਾ ਇਕ ਫਲੱਡ ਗੇਟ ਖੋਲ੍ਹ ਦਿੱਤਾ। ਜਿਸ ਵੇਲੇ ਇਹ ਫਲੱਡ ਗੇਟ ਖੋਲ੍ਹਿਆ ਗਿਆ ਉਦੋਂ ਝੀਨ ਵਿੱਚ ਪਾਣੀ ਦਾ ਪੱਧਰ 1162.60 ਫੁੱਟ ਸੀ ਜਦਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਇਹ ਫਲੱਡ ਗੇਟ ਸੋਮਵਾਰ ਸਵੇਰੇ 11.25 ਵਜੇ ਖੋਲ੍ਹਿਆ ਗਿਆ ਸੀ ਤੇ ਸਵਾ ਘੰਟੇ ਬਾਅਦ ਬਾਅਦ ਦੁਪਹਿਰ 12.45 ਵਜੇ ਬੰਦ ਕਰ ਦਿੱਤਾ ਗਿਆ। ਸੁਖਨਾ ਝੀਲ ਵਿੱਚ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਐਤਵਾਰ ਸ਼ਾਮ ਨੂੰ ਝੀਲ ਵਿਚ ਪਾਣੀ ਦਾ ਪੱਧਰ 1162.30 ਫੁੱਟ ’ਤੇ ਪਹੁੰਚ ਗਿਆ ਸੀ। ਇਸ ਨਾਲ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 9 ਇੰਚ ਹੇਠਾਂ ਸੀ। ਸੋਮਵਾਰ ਸਵੇਰੇ ਪਾਣੀ ਦਾ ਪੱਧਰ ਵਧ ਕੇ 1162.60 ’ਤੇ ਪਹੁੰਚ ਗਿਆ। ਪ੍ਰਸ਼ਾਸਨ ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਬਚਾਅ ਵਜੋਂ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਬਣੇ ਤਿੰਨ ਫਲੱਡ ਗੇਟਾਂ ਵਿੱਚੋਂ ਵਿਚਕਾਰ ਵਾਲਾ ਇਕ ਫਲੱਡ ਗੇਟ ਖੋਲ੍ਹ ਦਿੱਤਾ ਜਿਸ ਨੂੰ ਸਵਾ ਘੰਟੇ ਮਗਰੋਂ ਬੰਦ ਕਰ ਦਿੱਤਾ ਗਿਆ। ਸਵਾ ਘੰਟੇ ਵਿੱਚ ਪਾਣੀ 9 ਇੰਚ ਹੇਠਾਂ ਚਲਾ ਗਿਆ ਅਤੇ ਫਲੱਡ ਗੇਟ ਬੰਦ ਕਰਨ ਵੇਲੇ ਝੀਲ ’ਚ ਪਾਣੀ ਦਾ ਪੱਧਰ 1161.90 ਫੁੱਟ ਸੀ। ਇਸ ਦੌਰਾਨ ਪਾਣੀ ਸੀਮਿਤ ਮਾਤਰਾ ਵਿੱਚ ਛੱਡੇ ਜਾਣ ਕਾਰਨ ਸੁਖਨਾ ਚੋਅ ਦੁਆਲੇ ਰਹਿੰਦੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਈ। ਇਸ ਮੌਕੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਉਮੇਸ਼ ਸ਼ਰਮਾ ਅਤੇ ਪੁਲੀਸ ਅਧਿਕਾਰੀ ਅਧਿਕਾਰੀ ਵੀ ਤਾਇਨਾਤ ਰਹੇ।
ਸੁਖਨਾ ਝੀਲ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਵੱਲੋਂ ਪੰਚਕੂਲਾ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੁਖਨਾ ਚੋਅ ਨੇੜਲੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਸੂਚਨਾ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ। ਇਸੇ ਦੌਰਾਨ ਸੋਮਵਾਰ ਸਵੇਰ ਤੋਂ ਹੀ ਪੈ ਰਹੇ ਮੀਂਹ ਕਾਰਨ ਦਿਨ ਭਰ ਮੌਸਮ ਦਾ ਮਿਜ਼ਾਜ ਬਦਲਿਆ ਰਿਹਾ। ਲੋਕ ਸੁਖਨਾ ਝੀਲ ’ਤੇ ਮੌਸਮ ਦਾ ਆਨੰਦ ਮਾDਦੇ ਦਿਖਾਈ ਦਿੱਤੇ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 34 ਐੱਮਐੱਮ ਮੀਂਹ ਦਰਜ ਕੀਤਾ ਹੈ ਜਿਸ ਨਾਲ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.5 ਅਤੇ ਘੱਟ ਤੋਂ ਘੱਟ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਅਗਲੇ ਤਿੰਨ-ਚਾਰ ਦਿਨ ਕਿਣਮਿਣ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਅਗਲਾ ਹਫ਼ਤਾ ਮੀਂਹ ਪੈਣ ਦੇ ਆਸਾਰ ਹਨ ਜਿਸ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਦਾ ਖ਼ਦਸ਼ਾ ਹੈ।
24 ਘੰਟੇ ਲਈ ਅਧਿਕਾਰੀ ਤਾਇਨਾਤ
ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਵਿੱਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ 24 ਘੰਟੇ ਲਈ ਐੱਸਡੀਓ ਰੈਂਕ ਦੇ ਅਧਿਕਾਰੀ ਤਾਇਨਾਤ ਕਰ ਦਿੱਤੇ ਹਨ ਜੋ ਕਿ ਤਿੰਨ ਸ਼ਿਫ਼ਟਾਂ ਵਿੱਚ ਕੰਮ ਕਰ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀ ਹਰ ਘੰਟੇ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਨੋਟ ਕਰ ਰਹੇ ਹਨ। ਸੁਖਨੀ ਝੀਲ ਦੇ ਰੈਗੂਲੇਟਰੀ ਐਂਡ ’ਤੇ ਫਲੱਡ ਲਾਈਟਾਂ ਅਤੇ ਸਾਊਂਡ ਸਿਸਟਮ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਤੁਰੰਤ ਲੋਕਾਂ ਨੂੰ ਸੂਚਿਤ ਕੀਤਾ ਜਾ ਸਕੇ।
2020, 2018 ਅਤੇ 2008 ਵਿੱਚ ਖੋਲ੍ਹੇ ਗਏ ਸਨ ਫਲੱਡ ਗੇਟ
ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਵੱਲੋਂ ਰੈਗੂਲੇਟਰੀ ਐਂਡ ’ਤੇ ਸਥਿਤ ਫਲੱਡ ਗੇਟਾਂ ਨੂੰ ਇਸ ਤੋਂ ਪਹਿਲਾਂ ਸਾਲ 2020 ਵਿੱਚ 10 ਘੰਟਿਆਂ ਲਈ ਖੋਲ੍ਹਿਆ ਗਿਆ ਸੀ, ਜਿਸ ਕਾਰਨ ਕਿਸ਼ਨਗੜ੍ਹ, ਬਲਟਾਨਾ, ਜ਼ੀਰਕਪੁਰ ਸਣੇ ਕਾਫੀ ਇਲਾਕੇ ਪਾਣੀ ਦੀ ਲਪੇਟ ਵਿੱਚ ਆ ਗਏ ਸਨ। ਉਸ ਤੋਂ ਪਹਿਲਾਂ ਸਾਲ 2018 ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਰ ਕੇ ਦੋ-ਤਿੰਨ ਘੰਟੇ ਲਈ ਫਲੱਡ ਗੇਟ ਖੋਲ੍ਹੇ ਗਏ ਸਨ। ਸਾਲ 2008 ਵਿੱਚ ਵੀ ਝੀਲ ’ਚ ਪਾਣੀ ਦਾ ਪੱਧਰ ਵਧਣ ਕਰ ਕੇ ਗੇਟ ਖੋਲ੍ਹੇ ਗਏ ਸਨ।