ਹਰਜੀਤ ਸਿੰਘ
ਡੇਰਾਬੱਸੀ, 11 ਜੁਲਾਈ
ਲੰਘੇ ਤਿੰਨ ਦਿਨ ਤੋਂ ਪੈ ਰਹੇ ਭਰਵੇਂ ਮੀਂਹ ਦੇ ਰੁਕਣ ਮਗਰੋਂ ਅੱਜ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪਾਣੀ ਉਤਰਨ ਨਾਲ ਅੱਜ ਲੋਕਾਂ ਨੇ ਨੁਕਸਾਨ ਦਾ ਜਾਇਜ਼ਾ ਲਿਆ। ਮੀਂਹ ਰੁਕਣ ਮਗਰੋਂ ਇੱਥੋਂ ਦੀ ਹੈਬਤਪੁਰ ਸੜਕ ਤੇ ਸਥਿਤ ਗੁਲਮੋਹਰ ਸਿਟੀ ਐਕਸਟੇਂਸ਼ਨ ਵਿੱਚ ਲੰਘੇ ਦਿਨ ਤੋਂ ਬਾਅਦ ਹੁਣ ਸਥਿਤੀ ਸੁਧਰਨ ਲੱਗ ਗਈ ਹੈ। ਸੁਸਾਇਟੀ ਵਿੱਚ ਪਹਿਲਾਂ 11 ਫੁੱਟ ਤੱਕ ਪਾਣੀ ਭਰ ਗਿਆ ਸੀ, ਜੋ ਹੁਣ ਘਟ ਕੇ ਤਿੰਨ ਫੁੱਟ ਤੱਕ ਰਹਿ ਗਿਆ ਹੈ। ਲੰਘੇ 72 ਘੰਟਿਆਂ ਤੋਂ ਸੁਸਾਇਟੀ ਵਿੱਚ ਬਿਜਲੀ ਸਪਲਾਈ ਠੱਪ ਪਈ ਹੈ।
ਲੰਘੀ ਰਾਤ ਸੁਸਾਇਟੀ ਵਿੱਚ ਤਿੰਨ ਦਿਨ ਤੋਂ ਫਲੈਟਾਂ ਵਿੱਚ ਫੱਸੇ ਲੋਕਾਂ ਨੂੰ ਕੱਢਣ ਲਈ ਫ਼ੌਜ ਬੁਲਾਉਣੀ ਪਈ। ਫ਼ੌਜ ਨੇ ਕਾਫੀ ਦੇਰ ਮੁਸੱਕਤ ਮਗਰੋਂ ਫਲੈਟਾਂ ਵਿੱਚ ਫਸੇ 70 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਲੰਘੀ ਰਾਤ ਸੁਸਾਇਟੀ ਖਾਲ੍ਹੀ ਕਰਵਾ ਲਈ ਗਈ ਸੀ। ਸੁਸਾਇਟੀ ਵਿੱਚ ਪਹਿਲਾਂ 11 ਫੁੱਟ ਪਾਣੀ ਭਰ ਗਿਆ ਸੀ, ਜੋ ਮੀਂਹ ਰੁਕਣ ਮਗਰੋਂ ਘੱਟ ਕੇ ਤਿੰਨ ਫੁੱਟ ਕੇ ਰਹਿ ਗਿਆ। ਸੁਸਾਇਟੀ ਦਾ ਜਨਰੇਟਰ ਸਿਸਟਮ ਵੀ ਠੱਪ ਹੋ ਗਿਆ ਹੈ ਅੱਜ ਸਾਰਾ ਦਿਨ ਪ੍ਰਸ਼ਾਸਨ ਵੱਲੋਂ ਸੁਸਾਇਟੀ ਦੀ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਕੀਤੇ ਗਏ ਪਰ ਉਹ ਫੇਲ੍ਹ ਸਾਬਤ ਹੋਏ। ਸੁਸਾਇਟੀ ਵਾਸੀਆਂ ਨੇ ਦੱਸਿਆ ਕਿ ਪਾਣੀ ਘਟਣ ਮਗਰੋਂ ਉਨ੍ਹਾਂ ਵਾਪਸ ਆਉਣਾ ਸ਼ੁਰੂ ਕੀਤਾ ਹੈ। ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਜਦ ਤੱਕ ਸੁਸਾਇਟੀ ਵੱਲੋਂ ਬਿਜਲੀ ਸਪਲਾਈ ਬਹਾਲ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਕਨੈਕਸ਼ਨ ਨਹੀਂ ਜੋੜਿਆ ਜਾ ਸਕਦਾ। ਬੇਸਮੈਂਟ ਵਿੱਚ ਭਰੇ ਪਾਣੀ ਨੂੰ ਪੰਪ ਦੇ ਰਾਹੀਂ ਹੀ ਬਾਹਰ ਕੱਢਿਆ ਜਾ ਸਕਦਾ ਹੈ। ਪਰ ਹਾਲੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਇਹ ਸੰਭਵ ਨਹੀਂ ਹੈ। ਅੱਜ ਸਾਰਾ ਦਿਨ ਜਨਰੇਟਰ ਚਲਾਉਣ ਦੀ ਕੋਸ਼ਿਸ ਕੀਤੀ ਗਈ ਪਰ ਜਨਰੇਟਰ ਖਰਾਬ ਹੋਣ ਕਾਰਨ ਚੱਲ ਨਹੀਂ ਸਕੇ। ਦੂਜੇ ਪਾਸੇ ਸੁਸਾਇਟੀ ਵਿੱਚ ਪਾਣੀ ਦਾ ਪੱਧਰ ਘਟਣ ਮਗਰੋਂ ਹੁਣ ਲੋਕ ਵਾਪਸ ਆਉਣ ਲੱਗ ਪਏ ਹਨ। ਜਾਣਕਾਰੀ ਅਨੁਸਾਰ ਸੁਸਾਇਟੀ ਦਾ ਕੁਛ ਹਿੱਸਾ ਨੀਵਾਂ ਹੋਣ ਕਾਰਨ ਇੱਥੇ ਪਾਣੀ ਭਰ ਗਿਆ। ਸੁਸਾਇਟੀ ਦੀ ਪਿਛਲੀ ਕੰਧ ਟੁੱਟਣ ਕਾਰਨ ਪਾਣੀ ਅੰਦਰ ਦਾਖਲ ਹੋਇਆ, ਜੋ ਨੀਵੇਂ ਪਾਸੇ ਭਰ ਗਿਆ।