ਕੁਲਦੀਪ ਸਿੰਘ
ਚੰਡੀਗੜ੍ਹ, 3 ਦਸੰਬਰ
ਜਲ ਸਰੋਤ ਵਿਭਾਗ ਪੰਜਾਬ ਦੇ ਮੁਲਾਜ਼ਮਾਂ ’ਤੇ ਆਧਾਰਿਤ ਜੁਆਇੰਟ ਐਕਸ਼ਨ ਫਰੰਟ ਨੇ ਸੈਕਟਰ-18 ਸਥਿਤ ਮੁੱਖ ਦਫ਼ਤਰ ਵਿਚ ਮੁੱਖ ਇੰਜਨੀਅਰ (ਚੌਕਸੀ) ਦੇ ਮੁਲਾਜ਼ਮਾਂ ਪ੍ਰਤੀ ਵਤੀਰੇ ਦਾ ਵਿਰੋਧ ਕਰਦਿਆਂ ਅਣਮਿਥੇ ਸਮੇਂ ਲਈ ‘ਕੰਮ ਛੱਡੋ ਹੜਤਾਲ’ ਸ਼ੁਰੂ ਕਰ ਦਿੱਤੀ ਹੈ, ਜੋ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਦਫ਼ਤਰ ਵਿੱਚ ਤਾਇਨਾਤ ਮੁਲਾਜ਼ਮਾਂ ਨੇ ਮੁਕੰਮਲ ਰੂਪ ਵਿੱਚ ਕੰਮ ਬੰਦ ਕਰ ਦਿੱਤਾ ਹੈ ਤੇ ਅਫ਼ਸਰਾਂ ਦੀਆਂ ਗੱਡੀਆਂ ਚਲਾਉਣ ਵਾਲੇ ਡਰਾਈਵਰਾਂ ਨੇ ਆਪੋ ਆਪਣੇ ਅਫ਼ਸਰਾਂ ਨੂੰ ਕਾਰਾਂ ਦੀਆਂ ਚਾਬੀਆਂ ਫੜਾ ਕੇ ਹੜਤਾਲ ਤੱਕ ਕਾਰਾਂ ਚਲਾਉਣ ਤੋਂ ਇਨਕਾਰ ਕਰ ਦਿੱਤਾ। ਇਸੇ ਸਬੰਧ ਵਿੱਚ ਫਰੰਟ ਵੱਲੋਂ ਜ਼ਬਰਦਸਤ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕਨਵੀਨਰ ਗੋਪਾਲ ਯਖ਼ਮੀ, ਗੁਰਬਿੰਦਰ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ ਸਰਹਿੰਦੀ, ਪਿਸਕਾ ਪ੍ਰਧਾਨ ਜਗਦੇਵ ਕੌਲ, ਜਸਵਿੰਦਰ ਸਿੰਘ ਕਾਈਨੌਰ, ਅਨਿਲ ਕੁਮਾਰ, ਦੀਪਕ ਵੈਦ ਨੇ ਕਿਹਾ ਕਿ ਵਿਭਾਗ ਵਿੱਚ ਪੁਨਰਗਠਨ ਦੇ ਨਾਂ ’ਤੇ ਸਰਕਾਰ ਵੱਲੋਂ ਦਰਜਾ ਤਿੰਨ ਅਤੇ ਚਾਰ ਦੀਆਂ 8847 ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਮੁੱਖ ਇੰਜਨੀਅਰ (ਚੌਕਸੀ) ਵੱਲੋਂ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਸਰਕਾਰ ਨੂੰ ਰੀਵਿਊ ਤਜਵੀਜ਼ ਭੇਜ ਦਿੱਤੀ ਗਈ ਹੈ। ਪ੍ਰੰਤੂ ਜਥੇਬੰਦੀ ਨੂੰ ਪੁਨਰਗਠਨ ਦੀ ਰੀਵਿਊ ਕੀਤੀ ਤਜਵੀਜ਼ ਬਾਰੇ ਸਪੱਸ਼ਟ ਨਹੀਂ ਕੀਤਾ ਜਾ ਰਿਹਾ ਹੈ। ਜਦੋਂ ਤੱਕ ਫਰੰਟ ਨੂੰ ਰੀਵਿਊ ਤਜਵੀਜ ਦੀ ਕਾਪੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਮੁਲਾਜ਼ਮਾਂ ਵੱਲੋਂ ਚੀਫ਼ ਇੰਜਨੀਅਰ ਚੌਕਸੀ ਅਤੇ ਸੂਬਾ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।