ਮੁਕੇਸ਼ ਕੁਮਾਰ
ਚੰਡੀਗੜ੍ਹ, 12 ਸਤੰਬਰ
ਚੰਡੀਗੜ੍ਹ ਨਗਰ ਨਿਗਮ ਨੇ ਪਾਣੀ ਦੇ ਬਿੱਲਾਂ ਵਿੱਚ ਦੋ ਸੌ ਫੀਸਦ ਤੱਕ ਵਾਧਾ ਕਰ ਦਿੱਤਾ ਹੈ। ਇਸ ਕਾਰਨ ਸ਼ਹਿਰ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਨਿਗਮ ਨੇ ਪਾਣੀ ਦੀ ਸਪਲਾਈ ਤੋਂ ਹੋਣ ਵਾਲੇ 110 ਕਰੋੜ ਦੇ ਘਾਟੇ ਨੂੰ ਪੂਰਾ ਕਰਨ ਦੀ ਦਲੀਲ ਦਿੱਤੀ ਹੈ। ਇਸ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਪਾਣੀ ਦੀਆਂ ਦਰਾਂ ਨੂੰ ਵਧਾਉਣ ਲਈ ਫਰਵਰੀ ਮਹੀਨੇ ਦੀ ਮੀਟਿੰਗ ਵਿੱਚ ਮਨਜ਼ੂਰੀ ਮਿਲ ਗਈ ਸੀ ਪਰ ਇਸ ਬਾਰੇ ਪੇਸ਼ ਕੀਤੇ ਗਏ ਪ੍ਰਸਤਾਵ ਵੇਲੇ ਵੀ ਕਾਫੀ ਹੰਗਾਮਾ ਹੋਇਆ ਸੀ। ਇਸ ਪ੍ਰਸਤਾਵ ਦਾ ਕਾਂਗਰਸ ਪਾਰਟੀ ਦੇ ਕੌਂਸਲਰਾਂ ਦਵਿੰਦਰ ਸਿੰਘ ਬਬਲਾ, ਗੁਰਬਕਸ਼ ਕੌਰ ਰਾਵਤ ਅਤੇ ਸ਼ੀਲਾ ਦੇਵੀ ਨੇ ਸਖਤ ਵਿਰੋਧ ਕੀਤਾ ਸੀ। ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਵੀ ਕੀਤਾ ਸੀ।
ਇਸੇ ਦੌਰਾਨ ਨਵੀਆਂ ਦਰਾਂ ਦਾ ਚੰਡੀਗੜ੍ਹ ਦੀਆਂ ਗਰੁੱਪ ਹਾਊਸਿੰਗ ਸੁਸਾਇਟੀਆਂ ਦੀਆਂ ਪ੍ਰਬੰਧਕੀ ਕਮੇਟੀਆਂ ਨੇ ਸਖਤ ਨਿਖੇਧੀ ਕੀਤੀ ਹੈ। ਕਮੇਟੀ ਦੇ ਪ੍ਰਬੰਧਕਾਂ ਨੇ ਨਿਗਮ ਵਲੋਂ ਪਾਣੀ ਦੇ ਰੇਟਾਂ ਵਿੱਚ ਦੋ ਸੌ ਫ਼ੀਸਦੀ ਤੋਂ ਵੱਧ ਵਾਧਾ ਕਰਨ ਲਈ ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ। ਇਨ੍ਹਾਂ ਸੁਸਾਇਟੀਆਂ ਦੀਆਂ ਕਮੇਟੀਆਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੁਸਾਇਟੀਆਂ ਦੇ ਵਾਸੀ ਪਹਿਲਾਂ ਹੀ ਪਾਣੀ ਦੇ ਵਾਧੂ ਬਿੱਲ ਵਸੂਲੇ ਜਾਣ ਨੂੰ ਲੈ ਕੇ ਆਰਥਿਕ ਬੋਝ ਹੇਠ ਦੱਬੇ ਹੋਏ ਹਨ ਉਥੇ ਨਿਗਮ ਹੁਣ ਸ਼ਹਿਰ ਵਾਸੀਆਂ ਦੀ ਆਰਥਿਕ ਤੌਰ ’ਤੇ ਕਮਰ ਤੋੜਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਪਾਣੀ ਦੀਆਂ ਵਧਾਈਆਂ ਗਈਆਂ ਦਰਾਂ ਨੂੰ ਵਾਪਸ ਲਿਆ ਜਾਵੇ।
ਨਵੀਆਂ ਦਰਾਂ ਦੇ ਵੇਰਵੇ
ਨਵੀਆਂ ਦਰਾਂ ਅਨੁਸਾਰ ਹੁਣ 0-15 ਕਿੱਲੋ ਲਿਟਰ ਦੀ ਸਲੈਬ ਵਿੱਚ ਪਹਿਲਾਂ ਜਿੱਥੇ 2 ਰੁਪਏ ਪ੍ਰਤੀ ਕਿੱਲੋ ਲੀਟਰ ਦੇਣੇ ਪੈਂਦੇ ਸਨ, ਉੱਥੇ ਹੁਣ 3 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ 16 ਤੋਂ 30 ਕੇਐਲ ਦੀ ਸਲੈਬ ਵਿੱਚ 4 ਰੁਪਏ ਕਿੱਲੋ ਲਿਟਰ ਦੀ ਥਾਂ ਹੁਣ 6 ਰੁਪਏ ਪ੍ਰਤੀ ਕੇਐਲ ਬਿੱਲ ਭਰਨਾ ਹੋਵੇਗਾ। ਇਸੇ ਤਰਾਂ ਨਾਲ 31 ਕੇਐਲ ਤੋਂ 60 ਕੇਐਲ ਦੀ ਸਲੈਬ ਵਿੱਚ 6 ਰੁਪਏ ਪ੍ਰਤੀ ਕੇਐਲ ਦੀ ਥਾਂ 12 ਰੁਪਏ ਪ੍ਰਤੀ ਕੇਐਲ ਬਿੱਲ ਭਰਨਾ ਹੋਵੇਗਾ। ਉਥੇ 60 ਕੇਐਲ ਤੋਂ ਜ਼ਿਆਦਾ ਦੀ ਖਪਤ ਕਰਨ ’ਤੇ ਜਿਥੇ ਪਹਿਲਾਂ 8 ਰੁਪਏ ਪ੍ਰਤੀ ਕੇਐਲ ਦੇਣੇ ਪੈਂਦੇ ਸਨ, ਉਥੇ ਹੁਣ ਤਿੰਨ ਗੁਣਾ (24 ਰੁਪਏ) ਪ੍ਰਤੀ ਕੇਐਲ ਦੇਣੇ ਪੈਣਗੇ। ਇਸ ਤੋਂ ਇਲਾਵਾ ਵਿੱਤੀ ਸਾਲ ਦੇ ਪਹਿਲੇ ਦਿਨ ਤੋਂ ਪਾਣੀ ਦੀਆਂ ਦਰਾਂ ਵਿੱਚ 3 ਫ਼ੀਸਦੀ ਵਾਧਾ ਹੋ ਜਾਵੇਗਾ।