ਟ੍ਰਿਬਿਊਨ ਨਿਊੁਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਹਰਿਆਣਾ ਸਾਹਿਤ ਅਤੇ ਸੰਸਕ੍ਰਿਤ ਅਕਾਦਮੀ ਦੇ ਉਰਦੂ ਵਿੰਗ ਵੱਲੋਂ ਅੱਜ ਅਕਾਦਮੀ ਕੰਪਲੈਕਸ ਪੰਚਕੂਲਾ ਵਿੱਚ ਆਪਣਾ ਦੂਜਾ ਰੂ-ਬ-ਰੂ ਸਮਾਰੋਹ ਕਰਵਾਇਆ ਗਿਆ। ਸੀਨੀਅਰ ਪੁਲੀਸ ਅਧਿਕਾਰੀ ਅਤੇ ਮਕਬੂਲ ਸ਼ਾਇਰ ਫੈਯਾਜ਼ ਫਾਰੂਕੀ ਨਾਲ ਰੂ-ਬ-ਰੂ ਕਰਵਾਉਣ ਦੀ ਜ਼ਿੰਮੇਵਾਰੀ ਸੀਨੀਅਰ ਪੱਤਰਕਾਰ ਨਿਰੂਪਮਾ ਦੱਤ ਨੇ ਨਿਭਾਈ।
ਇੱਕ ਪੁਲੀਸ ਅਧਿਕਾਰੀ ਅਤੇ ਸ਼ਾਇਰੀ ਦੇ ਮੇਲ ’ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਫਾਰੂਕੀ ਨੇ ਆਪਣਾ ਸ਼ੇਅਰ ਸੁਣਾਇਆ, ‘‘ਹਰੇਕ ਬੁਰਾਈ ਕਾ ਬਦਲ ਲੇ ਕੇ ਖੜੇ ਹੈਂ, ਹਰ ਜੁਰਮ ਕੀ ਦੁਨੀਆ ਮੇਂ ਗ਼ਜ਼ਲ ਲੇ ਕੇ ਖੜੇ ਹੈਂ।’’
ਇਸ ਤੋਂ ਪਹਿਲਾਂ ਸਮਾਰੋਹ ਦਾ ਸ਼ੁਰੂਆਤ ਮੁੱਖ ਮਹਿਮਾਨ ਦਿ ਟ੍ਰਿਬਿਊਨ ਗਰੁੱਪ ਆਫ ਨਿਊਜ਼ਪੇਪਰ ਦੀ ਐਡੀਟਰ ਇਨ ਚੀਫ ਜਯੋਤੀ ਮਲਹੋਤਰਾ, ਸ਼ਾਇਰ ਫੈਯਾਜ਼ ਫਾਰੂਕੀ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਡਾ. ਮਨਮੋਹਨ ਸਿੰਘ ਨੇ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕਰਕੇ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਯੋਤੀ ਮਲਹੋਤਰਾ ਨੇ ਉਰਦੂ ਵਿੰਗ ਦੇ ਨਿਰਦੇਸ਼ਕ ਡਾ. ਚੰਦਰ ਤ੍ਰਿਖਾ ਦੇ ਦੇਖ-ਰੇਖ ਹੇਠ ਹੋਏ ਰੂ-ਬ-ਰੂ ਪ੍ਰੋਗਰਾਮ ਨੂੰ ਇੱਕ ਨਿਵੇਕਲੀ ਪਹਿਲ ਦੱਸਿਆ। ਉਨ੍ਹਾਂ ਕਿਹਾ ਕਿ ਭਾਸ਼ਾ ਪੂਰੇ ਵਿਸ਼ਵ ਵਿੱਚ ਗੱਲਬਾਤ ਦਾ ਇੱਕ ਅਹਿਮ ਹਿੱਸਾ ਹੈ ਅਤੇ ਵੱਖ ਵੱਖ ਭਾਸ਼ਾਵਾਂ ਦਾ ਸਾਹਿਤ ਇੱਕ ਬਿਹਤਰ ਅਤੇ ਸੱਭਿਅਕ ਇਨਸਾਨ ਦਾ ਨਿਰਮਾਣ ਕਰਦਾ ਹੈ। ਇੱਕ ਚੰਗਾ ਸਾਹਿਤ ਇੱਕ ਸੱਭਿਅਕ ਸਮਾਜ ਅਤੇ ਖੁਸ਼ਹਾਲ ਰਾਸ਼ਟਰ ਦੀ ਨੀਂਹ ਰੱਖਦਾ ਹੈ।
ਮਸ਼ਹੂਰ ਸ਼ਾਇਰ ਤੇ ਸੂਫ਼ੀ ਫਾਊਂਡੇਸ਼ਨ ਦੇ ਮੁਖੀ ਫੈਯਾਜ਼ ਫਾਰੂਕੀ ਨੇ ਆਪਣੀ ਸਾਹਿਤਕ ਯਾਤਰਾ ਦੇ ਹਵਾਲੇ ਨਾਲ ਕਿਹਾ ਕਿ ਸ਼ਾਇਰੀ ਇੱਕ ਸੰਵੇਦਨਸ਼ੀਲ ਤੇ ਇਮਾਨਦਾਰ ਨਾਗਰਿਕ ਬਣਾਉਂਦੀ ਹੈ। ਪੁਲੀਸ ਅਧਿਕਾਰੀ ਦੇ ਰੂਪ ’ਚ ਸ਼ਾਇਰੀ ਮੈਨੂੰ ਇਹ ਸਿਖਾਉਂਦੀ ਹੈ ਕਿ ਇੱਕ ਮਾਸੂਮ ਤੇ ਬੇਕਸੂਰ ਇਨਸਾਨ ਦੀ ਹਿਫ਼ਾਜ਼ਤ ਕਰਨਾ ਵੀ ਮੇਰਾ ਧਰਮ ਹੈ। ਸ਼ਾਇਰੀ ਇਨਸਾਨ ਨੂੰ ਇੱਕ ਚਿਰਾਗ ਵਾਂਗ ਬਣਾਉਂਦੀ ਹੈ ਤਾਂ ਕਿ ਉਸ ਦੇ ਆਸ-ਪਾਸ ਦਾ ਸਮਾਜ ਰੋਸ਼ਨ ਹੋ ਸਕੇ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਦੌਰ ਵਿੱਚ ਸ਼ਾਇਰੀ ਦਾ ਵੀ ਵਪਾਰੀਕਰਨ ਹੋ ਗਿਆ ਹੈ ਤੇ ਉਸ ਦੀ ਗੁਣਵੱਤਾ ਵਿੱਚ ਵੀ ਗਿਰਾਵਟ ਮਹਿਸੂਸ ਹੁੰਦੀ ਹੈ। ਅਪਰਾਧ ਖ਼ਿਲਾਫ਼ ਅਸੀਂ ਸੰਘਰਸ਼ ਵਿੱਚ ਇੱਕ ਚੰਗੇ ਪੁਲੀਸ ਅਧਿਕਾਰੀ ਨੂੰ ਨਿਰਪੱਖ ਤੇ ਨੇਕ ਦਿਲ ਇਨਸਾਨ ਵੀ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੂਫ਼ੀ ਫਾਊਂਡੇਸ਼ਨ ਦੇ ਮਾਧਿਅਮ ਰਾਹੀਂ ਸਾਡਾ ਉਦੇਸ਼ ਸਮਾਜ ਵਿੱਚ ਪਿਆਰ, ਬਰਾਬਰੀ ਤੇ ਸਦਭਾਵਨਾ ਦਾ ਪ੍ਰਸਾਰ ਕਰਨਾ ਹੈ।
ਚੰਡੀਗੜ੍ਹ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਅਤੇ ਭਾਰਤੀ ਪੁਲੀਸ ਸੇਵਾ ਦੇ ਸੇਵਾਮੁਕਤ ਸੀਨੀਅਰ ਅਧਿਕਾਰੀ ਡਾ. ਮਨਮੋਹਨ ਸਿੰਘ ਨੇ ਆਪਣੇ ਵਿਸ਼ੇਸ਼ ਸੰਬੋਧਨ ਦੌਰਾਨ ਸਾਹਿਤ ਦੀ ਭੂਮਿਕਾ ਦਾ ਕੌਮਾਂਤਰੀ ਸੰਦਰਭ ਵਿੱਚ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਸਾਹਿਤ ਤੇ ਪੁਲੀਸ ਸੇਵਾ ਦੋ ਵੱਖ-ਵੱਖ ਧਾਰਾਵਾਂ ਹੁੰਦੇ ਹੋਏ ਵੀ ਇਨ੍ਹਾਂ ਦਾ ਅੰਦਰ ਤੋਂ ਡੂੰਘਾ ਸਬੰਧ ਹੈ। ਸਾਹਿਤ ਸਾਨੂੰ ਸੰਵੇਦਨਸ਼ੀਲ ਅਤੇ ਇਨਸਾਫ਼-ਪਸੰਦ ਹੋਣ ਦੀ ਸਿੱਖਿਆ ਦਿੰਦਾ ਹੈ ਜੋ ਕਿ ਅਪਰਾਧ ਦੀ ਲੜਾਈ ਵਿੱਚ ਇਕ ਪੁਲੀਸ ਅਧਿਕਾਰੀ ਦਾ ਮਾਰਗਦਰਸ਼ਨ ਕਰਦੀ ਹੈ।’’
ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਉਰਦੂ ਸੈੱਲ ਦੇ ਡਾਇਰੈਕਟਰ ਤੇ ਉੱਘੇ ਸਾਹਿਤਕਾਰ ਡਾ. ਚੰਦਰ ਤ੍ਰਿਖਾ ਨੇ ਭਰੋਸਾ ਦਿਵਾਇਆ ਕਿ ਹਰਿਆਣਾ ਸਾਹਿਤ ਸੰਸਕ੍ਰਿਤ ਅਕਾਦਮੀ ਇਸ ਤਰ੍ਹਾਂ ਦੇ ਨਿਵੇਕਲੇ ਪ੍ਰੋਗਰਾਮ ਕਰਦੀ ਰਹੇਗੀ। ਪ੍ਰੋਗਰਾਮ ਵਿੱਚ ਚੰਡੀਗੜ੍ਹ, ਪੰਚਕੂਲਾ ਤੇ ਜ਼ੀਰਕਪੁਰ ਦੀਆਂ ਕਈ ਮਸ਼ਹੂਰ ਸ਼ਖ਼ਸੀਅਤਾਂ ਨੇ ਹਿੱਸਾ ਲਿਆ।