ਹਰਜੀਤ ਸਿੰਘ
ਜ਼ੀਰਕਪੁਰ, 29 ਸਤੰਬਰ
ਕੇਂਦਰ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਸੂਬੇ ਦੀ ਕਿਸਾਨੀ ਨੂੰ ਤਬਾਹ ਕਰਨ ’ਤੇ ਲੱਗੇ ਹੋਏ ਹਨ। ਪੰਜਾਬ ਦਾ ਕਿਸਾਨ ਇਕ ਪਾਸੇ ਆਪਣੇ ਹੱਕਾਂ ਦੀ ਲੜਾਈ ਲਈ ਪਿਛਲੇ ਇਕ ਸਾਲ ਤੋਂ ਸੰਘਰਸ਼ ਕਰ ਰਿਹਾ ਹੈ ਦੂਜੇ ਪਾਸੇ ਸਰਕਾਰ ਬਜਾਰੂ ਕੀਮਤ ਨਾਲੋਂ ਘੱਟ ਰੇਟ ’ਤੇ ਜ਼ਮੀਨਾਂ ਐਕੁਆਇਰ ਕਰਕੇ ਕਿਸਾਨੀ ਨੂੰ ਖਤਮ ਕਰਨ ’ਤੇ ਲੱਗੀ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਇਥੋਂ ਦੀ 200 ਫੁੱਟ ਚੌੜੀ ਰੋਡ ’ਤੇ ਟਰੈਕਟਰ ਮਾਰਚ ਦੀ ਰਵਾਨਗੀ ਤੋਂ ਪਹਿਲਾਂ ਵੱਡੀ ਗਿਣਗੀ ਵਿਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਪਿਛਲੇ ਰਿਕਾਰਡ ਵੇਖੇ ਜਾਣ ਤਾਂ ਪੰਜਾਬ ਵਿਚ ਜਦ ਵੀ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਕਦੇ ਵੀ ਕਿਸਾਨਾਂ ਨੂੰ 8 ਲੱਖ ਰੁਪਏ ਤੋਂ ਵੱਧ ਮੁਆਵਜ਼ਾ ਨਹੀਂ ਮਿਲਿਆ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਿਸਾਨ ਖੁਦ ਸਰਕਾਰ ਨੂੰ ਆਪਣੀਆਂ ਜ਼ਮੀਨਾਂ ਐਕੁਆਇਰ ਕਰਨ ਦੀ ਬੇਨਤੀ ਕਰਦੇ ਸਨ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪਿੰਡ ਝੂਰਹੇੜੀ ਵਿਚ ਅੱਜ ਤੋਂ 12 ਸਾਲ ਪਹਿਲਾਂ ਜਦੋਂ ਜ਼ਮੀਨ ਦਾ ਰੇਟ 20 ਲੱਖ ਰੁਪਏ ਏਕੜ ਸੀ ਉਦੋਂ ਵੀ ਡੇਢ ਕਰੋੜ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਜ਼ਮੀਨ ਮਾਲਕਾਂ ਨੂੰ ਮਿਲਿਆ ਸੀ। ਪਿੰਡ ਮੌਲੀ ਅਤੇ ਲਖਨੌਰ ਵਿਖੇ ਕਾਂਗਰਸ ਨੇ 8 ਲੱਖ ਰੁਪਏ ਏਕੜ ਦੇ ਹਿਸਾਬ ਨਾਲ ਐਕੁਆਇਰ ਕੀਤੀ
ਉਨ੍ਹਾਂ ਕਿਹਾ ਕਾਂਗਰਸ ਨੇ ਤਾਂ ਹਮੇਸ਼ਾਂ ਹੀ ਪੰਜਾਬ ਨਾਲ ਮਤਰੇਆ ਸਲੂਕ ਕੀਤਾ ਹੈ ਅਤੇ ਹੁਣ ਖੇਤੀ ਵਿਰੋਧੀ ਬਿਲ ਲਿਆ ਕੇ ਭਾਜਪਾ ਨੇ ਵੀ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੀ ਹੱਕਾਂ ਦੀ ਲੜਾਈ ਲੜੀ ਹੈ ਅਤੇ ਅੱਗੇ ਵੀ ਲੜਦਾ ਰਹੇਗਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਸਾਨੂੰ ਆਪਣੀ ਲੜਾਈ ਆਪ ਲੜਨੀ ਪਵੇਗੀ ਕਿਉਂਕਿ ਕਾਂਗਰਸ ਸਰਕਾਰ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਇਸ ਮੌਕੇ ਟਰੈਕਟਰ ਮਾਰਚ 200 ਫੁੱਟ ਰੋਡ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਪੁੱਜਿਆ ਜਿਥੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ।