ਪੱਤਰ ਪ੍ਰੇਰਕ
ਚੰਡੀਗੜ੍ਹ, 16 ਫ਼ਰਵਰੀ
ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵੱਲੋਂ ਅੱਜ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਬਿਨਾਰ ਕਰਵਾਇਆ ਗਿਆ। ‘ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਸੰਗੀਤ ਪ੍ਰਬੰਧ’ ਵਿਸ਼ੇ ’ਤੇ ਕਰਵਾਏ ਗਏ ਇਸ ਵੈਬਿਨਾਰ ਵਿੱਚ ਰਾਜ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਤੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ। ਵੈਬਿਨਾਰ ਦਾ ਆਰੰਭ ਡਾ. ਅਰਸ਼ਪ੍ਰੀਤ ਸਿੰਘ, ਯੂਨੀਵਰਸਿਟੀ ਕਾਲਜ, ਘਨੌਰ ਨੇ ਗੁਰੂ ਤੇਗ ਬਹਾਦਰ ਦੀ ਵੈਰਾਗਮਈ ਬਾਣੀ ਦੇ ਗਾਇਨ ਨਾਲ ਕੀਤਾ। ਵਿਭਾਗ ਦੇ ਅਕਾਦਮਿਕ ਇੰਚਾਰਜ ਡਾ. ਜਸਪਾਲ ਕੌਰ ਕਾਂਗ ਨੇ ਸ੍ਰੋਤਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਨਿਰੰਤਰ ਆਪਣੀਆਂ ਅਕਾਦਮਿਕ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਰਹੀ ਹੈ। ਅੱਜ ਦਾ ਵੈਬਿਨਾਰ ਇਸੇ ਲੜੀ ਦਾ ਹਿੱਸਾ ਹੈ। ਮੁੱਖ ਬੁਲਾਰੇ ਡਾ. ਜਸਬੀਰ ਕੌਰ ਪ੍ਰਿੰਸੀਪਲ, ਗੁਰਮਤਿ ਕਾਲਜ ਨੇ ਵਿਸ਼ੇ ਬਾਬਤ ਆਪਣਾ ਪਰਚਾ ਪੇਸ਼ ਕਰਦਿਆਂ ਗੁਰੂ ਜੀ ਦੀ ਬਾਣੀ ਦੇ ਸੰਗੀਤਕ ਪੱਖ ਨਾਲ ਜੁੜੇ ਕਈ ਅਹਿਮ ਤੱਥਾਂ ਬਾਰੇ ਚਾਨਣਾ ਪਾਇਆ। ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਡਾ. ਜਸਬੀਰ ਸਿੰਘ ਸਾਬਰ ਨੇ ਕਿਹਾ ਕਿ ਗੁਰਮਿਤ ਕੀਰਤਨ ਇਕ ਸੁਤੰਤਰ ਪਰਿਪੇਖ ਹੋਣ ਦੇ ਬਾਵਜੂਦ ਇਸ ਦੇ ਭਾਰਤੀ ਸੰਗੀਤ ਪਰੰਪਰਾ ਨਾਲ ਅੰਤਰ ਸਬੰਧਾਂ ਨੂੰ ਖੋਜ ਦਾ ਵਿਸ਼ਾ ਬਣਾਇਆ ਜਾਣਾ ਚਾਹੀਦਾ ਹੈ। ਅੰਤ ਵਿੱਚ ਧੰਨਵਾਦੀ ਸ਼ਬਦ ਡਾ. ਰਾਜੀਵ ਕੁਮਾਰ ਨੇ ਕਹੇ। ਵੈਬਿਨਾਰ ਦੌਰਾਨ ਖੌਜਾਰਥੀਆਂ ਵੱਲੋਂ ਵਿਚਾਰ ਚਰਚਾ ਵੀ ਕੀਤੀ ਗਈ।